ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਪੀੜਤ ਇਕ ਮਰੀਜ਼ ਨੂੰ ਮ੍ਰਿਤਕ ਐਲਾਨਣ ਕਰਕੇ ਜ਼ਿਲ੍ਹੇ ਦਾ ਸਿਹਤ ਵਿਭਾਗ ਇਕ ਵਾਰ ਮੁੜ ਸੁਰਖੀਆਂ ਵਿੱਚ ਹੈ। ਲੰਘੇ ਬੁੱਧਵਾਰ ਨੂੰ ਸਿਹਤ ਵਿਭਾਗ ਵਲੋਂ 93 ਸਾਲਾ ਦੇ ਇਕ ਕਰੋਨਾ ਪੀੜਤ ਵਿਅਕਤੀ ਮਹਿੰਦਰ ਸਿੰਘ ਵਾਸੀ ਪਿੰਡ ਬਲ ਕਲਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦੋਂ ਕਿ ਊਹ ਜ਼ਿੰਦਾ ਤੇ ਠੀਕ ਹੈ । ਇਸ ਸਬੰਧੀ ਖਬਰਾਂ ਪ੍ਰਕਾਸ਼ਿਤ ਹੋਣ ਤੋ ਬਾਅਦ ਪਰਿਵਾਰ ਕੋਲ ਦੁੱਖ ਪ੍ਰ੍ਰ੍ਰ੍ਰਗਟਾਉਣ ਦੇ ਫੋਨ ਆਊਣ ਲੱਗੇ। ਪਰਿਵਾਰ ਨੇ ਇਸ ਸਬੰਧ ਵਿਚ ਸਿਹਤ ਵਿਭਾਗ ਕੋਲ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ। ਜਾਣਕਾਰੀ ਮੁਤਾਬਕ ਇਹ ਬਜ਼ੁਰਗ ਪੇਟ ਦੇ ਇਲਾਜ ਵਾਸਤੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਲਈ ਆਇਆ ਸੀ ਪਰ ਉਸ ਦਾ ਕਰੋਨਾ ਟੈਸਟ ਪਾਜ਼ੇਟਿਵ ਆ ਗਿਆ। ਇਸ ਦੌਰਾਨ ਊਹ ਕਿਸੇ ਢੰਗ ਤਰੀਕੇ ਹਸਪਤਾਲ ਤੋਂ ਘਰ ਚਲਾ ਗਿਆ ਪਰ ਹਸਪਤਾਲ ਪ੍ਰਬੰਧਕਾਂ ਨੂੰ ਇਸ ਬਾਰੇ ਰਿਪੋਰਟ ਵਿਚ ਮਰੀਜ਼ ਦੇ ਬਿਨਾਂ ਦੱਸੇ ਚਲੇ ਜਾਣ ਦਾ ਜ਼ਿਕਰ ਕੀਤਾ ਗਿਆ ਸੀ ਪਰ ਇਕ ਕਰਮਚਾਰੀ ਵੱਲੋਂ ਕਲੈਰੀਕਲ ਗਲਤੀ ਕਰਦਿਆਂ ਉਸ ਨੂੰ ਮ੍ਰਿਤਕ ਲਿਖ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਹਿਲਾਂ ਵੀ ਵਿਭਾਗ ਦੋ ਕਰੋਨਾ ਪੀੜਤ ਮ੍ਰਿਤਕਾਂ ਦੀਆਂ ਲਾਸ਼ਾਂ ਗਲਤ ਥਾਵਾਂ ’ਤੇ ਭੇਜਣ ਕਾਰਨ ਸੁਰਖੀਆਂ ਵਿਚ ਰਹਿ ਚੁੱਕਾ ਹੈ।