ਉਤਰੀ ਭਾਰਤ ਦੀ ਸਭ ਤੋਂ ਵੱਡੀ ਜਲਗਾਹ ਹਰੀਕੇ ਪੱਤਣ ਦੀ ਹੋਂਦ ਖਤਰੇ ’ਚ
ਵਿਸ਼ਵ ਪੱਧਰ ਤੇ 2 ਫਰਵਰੀ ਵਾਲੇ ਦਿਨ ਨੂੰ ‘ਵਿਸ਼ਵ ਜਲਗਾਹ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕੌਮਾਂਤਰੀ ਪੱਧਰ ‘ਤੇ ਮਨਾਏ ਜਾਣ ਦੀ ਸ਼ੁਰੂਆਤ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਤੋਂ ਕੀਤੀ ਗਈ ਸੀ। ਇਸ ਕਨਵੈਨਸ਼ਨ ਨੂੰ...
ਵਿਸ਼ਵ ਪੱਧਰ ਤੇ 2 ਫਰਵਰੀ ਵਾਲੇ ਦਿਨ ਨੂੰ ‘ਵਿਸ਼ਵ ਜਲਗਾਹ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਕੌਮਾਂਤਰੀ ਪੱਧਰ ‘ਤੇ ਮਨਾਏ ਜਾਣ ਦੀ ਸ਼ੁਰੂਆਤ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਤੋਂ ਕੀਤੀ ਗਈ ਸੀ। ਇਸ ਕਨਵੈਨਸ਼ਨ ਨੂੰ ਰਾਮਸਰ ਸੰਧੀ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੁਨੀਆ ਭਰ ਵਿੱਚ ਜਲਗਾਹਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਦੱਸੀ ਜਾ ਰਹੀ। ਭਾਰਤ ਵਿੱਚ ਜਲਗਾਹਾਂ ਨੂੰ ਸਭ ਤੋਂ ਵੱਡੀ ਚੁਣੌਤੀ ਇਸ ਵਿੱਚ ਪੈ ਰਹੇ ਪ੍ਰਦੂਸ਼ਿਤ ਪਾਣੀਆਂ ਤੇ ਇਸ ਦੇ ਰਕਬਿਆਂ ’ਤੇ ਹੋ ਰਹੇ ਨਜ਼ਾਇਜ ਕਬਜ਼ਿਆਂ ਦੀ ਹੈ।
ਪੰਜਾਬ ਦੀਆਂ ਤਿੰਨੋਂ ਜਲਗਾਹਾਂ ਹਰੀਕੇ ਪੱਤਣ, ਕਾਂਜਲੀ ਤੇ ਰੋਪੜ ਝੀਲ ਦੇ ਪਾਣੀਆਂ ਵਿੱਚ ਵੱਧ ਰਹੇ ਪ੍ਰਦੂਸ਼ਣ ਅਤੇ ਨਜ਼ਾਇਜ ਕਬਜ਼ਿਆਂ ਕਾਰਨ ਇਨ੍ਹਾਂ ਦੀ ਹੋਂਦ ’ਤੇ ਖਤਰਾ ਮੰਡਰਾ ਰਿਹਾ ਹੈ। ਪਰਵਾਸੀ ਪੰਛੀਆਂ ਦੀਆਂ ਇਹ ਠਾਰਾਂ ’ਤੇ ਹੋ ਰਹੇ ਗੈਰਕਾਨੂੰਨੀ ਸ਼ਿਕਾਰ ਕਾਰਨ ਉਨ੍ਹਾ ਨੇ ਇਨ੍ਹਾਂ ਜਲਗਾਹਾਂ ਤੋਂ ਮੁੱਖ ਮੋੜ ਲਿਆ ਹੈ। ਪਹਿਲਾਂ ਦੇ ਮੁਕਾਬਲੇ ਪਰਵਾਸੀ ਪੰਛੀਆਂ ਦੀ ਆਮਦ ਘਟੀ ਹੈ। ਹਾਲਾਂ ਕਿ ਹਰੀਕੇ ਪੱਤਣ ਵਾਲੀ ਜਲਗਾਹਾਂ ’ਤੇ ਪਰਵਾਸੀ ਪੰਛੀਆਂ ਦੀ ਗਿਣਤੀ ਵਧਣ ਦੇ ਦਾਅਵੇ ਕੀਤੇ ਜਾ ਰਹੇ ਹਨ। ਉਤਰੀ ਭਾਰਤ ਦੀ ਸਭ ਤੋਂ ਵੱਡੀ ਜਲਗਾਹ ਮੰਨੀ ਜਾਂਦੀ ਹਰੀਕੇ ਪੱਤਣ ਦੀ ਝੀਲ ਨੂੰ ਸਭ ਤੋਂ ਵੱਡਾ ਖਤਰਾ ਨਾਜ਼ਾਇਜ ਕਬਜ਼ਿਆਂ ਦਾ ਹੈ। ਹਾਜ਼ਾਰਾਂ ਏਕੜਾਂ ਵਿੱਚ ਫੈਲੀ ਇਸ ਝੀਲ ’ਤੇ ਸਤਲੁਜ ਤੇ ਬਿਆਸ ਦਰਿਆਵਾਂ ਦਾ ਮਿਲਾਪ ਹੁੰਦਾ ਹੈ।
ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਘਾਟ ਕਾਰਨ ਇਸ ਦਾ ਰਕਬਾ ਘਟ ਗਿਆ ਹੈ ਤੇ ਕਈਆਂ ਨੇ ਸੈਕੜੇ ਏਕੜ ਝੀਲ ਦੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ। ਕੇਂਦਰ ਸਰਕਾਰ ਨੇ 1982 ਵਿੱਚ ਹਰੀਕੇ ਝੀਲ ਨੂੰ ਪੰਛੀਆਂ ਦੀ ਰੱਖ ਵਜੋਂ ਵੀ ਮਾਨਤਾ ਦੇ ਦਿੱਤੀ ਸੀ। ਇਸ ਝੀਲ ’ਤੇ 200 ਕਿਸਮਾਂ ਤੋਂ ਵੱਧ ਪਰਵਾਸੀ ਪੰਛੀ ਸਰਦੀਆਂ ਵਿੱਚ ਰੈਣ ਬਸੇਰਾ ਕਰਦੇ ਹਨ।
ਕਾਂਜਲੀ ਪੰਜਾਬ ਦਾ ਸਭ ਤੋਂ ਪੁਰਾਣਾ ਸੈਲਾਨੀ ਕੇਂਦਰ ਰਿਹਾ ਹੈ ਪਰ ਸਰਕਾਰਾਂ ਦੀ ਅਣਗਹਿਲੀ ਕਾਰਨ ਇਸ ਦਾ ਵਿਕਾਸ ਨਹੀਂ ਹੋ ਰਿਹਾ। ਇਸ ਜਲਗਾਹ ਨੂੰ 1870 ਵਿੱਚ ਮਹਾਰਾਜਾ ਕਪੂਰਥਲਾ ਨੇ ਵਿਕਸਤ ਕੀਤਾ ਸੀ।
ਪੰਜਾਬੀ ਦੇ ਨਾਮਵਰ ਕਵੀ ਸੋਹਣ ਸਿੰਘ ਮੀਸਾ ਦੀ ਮੌਤ ਵੀ ਕਾਂਜਲੀ ‘ਚ ਕਿਸ਼ਤੀ ਨੂੰ ਪੇਸ਼ ਆਏ ਹਾਦਸੇ ਨਾਲ ਹੋ ਗਈ ਸੀ। ਇਸ ਤੋਂ ਬਾਆਦ ਇਸ ਕਾਂਜਲੀ ਜਲਗਾਹ ਤੋਂ ਸਰਕਾਰਾਂ ਨੇ ਮੂੰਹ ਮੋੜੀ ਰੱਖਿਆ।
1972 ਨੂੰ ਇਰਾਨ ਵਿੱਚ ਹੋਈ ਰਾਮਸਰ ਸੰਧੀ ਵਿੱਚ ਕਾਂਜਲੀ ਵੈਟ ਲੈਂਡ ਨੂੰ ਕੌਮਾਂਤਰੀ ਪੱਧਰ ਦੀ ਵੈਟ ਲੈਂਡ ਐਲਾਨਿਆ ਗਿਆ ਸੀ। ਇੱਥੇ ਪਹਿਲਾਂ ਬਹੁਤ ਸਾਰੀਆਂ ਸ਼੍ਰੇਣੀਆਂ ਦੇ ਪਰਵਾਸੀ ਪੰਛੀ ਆਉਂਦੇ ਸਨ ਪਰ ਇਸ ਵੈਟ ਲੈਂਡ ਦੀ ਹੋਈ ਖਸਤਾ ਹਾਲਤ ਕਾਰਨ ਪਰਵਾਸੀ ਪੰਛੀਆਂ ਨੇ ਇਸ ਤੋਂ ਮੂੰਹ ਮੋੜ ਲਿਆ।
ਰੋਪੜ ਝੀਲ ਵੀ 1952 ਦੌਰਾਨ ਹੀ ਹੋਂਦ ਵਿੱਚ ਆਈ ਸੀ ਜਦੋਂ ਇੱਥੇ ਪਾਣੀ ਰੋਕ ਕੇ ਨਹਿਰ ਕੱਢੀ ਗਈ ਸੀ। ਇਸ ਝੀਲ ਦਾ ਪਾਣੀ 1998-99 ਦੌਰਾਨ ‘ਏ’ ਗਰੇਡ ਦਾ ਰਿਹਾ ਹੈ ਪਰ ਹੁਣ ਇਸ ਪਾਣੀ ਵਿੱਚ ਫੈਕਟਰੀਆਂ ਦਾ ਦੂਸ਼ਿਤ ਪਾਣੀ ਪੈਣ ਨਾਲ ਇਸ ਝੀਲ ਦੇ ਪਾਣੀ ਦਾ ਗਰੇਡ ‘ਡੀ’ ਹੋ ਗਿਆ ਹੈ। ਇਸ ਝੀਲ ਵਿੱਚ ਸੱਪਾਂ ਦੀਆਂ ਦਰਜਨਾਂ ਕਿਸਮਾਂ ਪਾਈਆਂ ਜਾਂਦੀਆ ਸਨ । ਇਸ ਦੀ ਝੀਲ ਵਿੱਚ ਅਜ਼ਗਰ ਵੀ ਪਾਇਆ ਜਾਂਦਾ ਹੈ। ਪੰਛੀ ਪ੍ਰੇਮੀਆਂ ਨੂੰ ਇਨ੍ਹਾਂ ਜਲਗਾਹਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।

