ਨੌਸ਼ਹਿਰਾ ਖੁਰਦ ਦੀ ਸਮੁੱਚੀ ਪੰਚਾਇਤ ‘ਆਪ’ ਵਿੱਚ ਸ਼ਾਮਲ
ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਨੌਸ਼ਹਿਰਾ ਖੁਰਦ ਦੀ ਪੰਚਾਇਤ ਅਤੇ ਵਸਨੀਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਉਤਰੀ ਦੇ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਨੌਸ਼ਹਿਰਾ ਖੁਰਦ ਪੰਚਾਇਤ ਦੇ ਸਰਪੰਚ, ਪੰਚ, ਨੰਬਰਦਾਰ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਚਾਇਤ ਅਤੇ ਪਿੰਡ ਦੇ ਸਾਰੇ ਵਸਨੀਕਾਂ ਨੇ ਇੱਕ ਵੱਡਾ ਅਤੇ ਇਤਿਹਾਸਕ ਫ਼ੈਸਲਾ ਲਿਆ ਹੈੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪਾਰਟੀ ਬਦਲਣ ਦੀ ਇੱਕ ਉਦਾਹਰਣ ਨਹੀਂ ਹੈ, ਸਗੋਂ ਸਿਆਸੀ ਸੋਚ ਵਿੱਚ ਤਬਦੀਲੀ ਹੈ, ਜੋ ਭਰੋਸਾ ਦਿਵਾਉਂਦੀ ਹੈ ਕਿ ਹੁਣ ਰਾਜਨੀਤੀ ਨਿੱਜੀ ਹਿੱਤਾਂ ਲਈ ਨਹੀਂ, ਸਗੋਂ ਆਮ ਲੋਕਾਂ ਦੀ ਭਲਾਈ, ਉਨ੍ਹਾਂ ਪ੍ਰਤੀ ਜਵਾਬਦੇਹੀ ਅਤੇ ਇਮਾਨਦਾਰੀ ਲਈ ਹੋਵੇਗੀ। ਉੁਨ੍ਹਾਂ ਨੌਸ਼ਹਿਰਾ ਖੁਰਦ ਦੇ ਸਾਰੇ ਸਾਥੀਆਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ। ਅਕਾਲੀ ਦਲ ਅਤੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਰਪੰਚ ਬੁੱਧ ਸਿੰਘ, ਪੰਚਾਇਤ ਮੈਂਬਰ ਬਿੰਦਰ ਕੌਰ, ਬਲਦੇਵ ਸਿੰਘ, ਮਗਟ ਕੁਮਾਰ, ਲਖਬੀਰ ਸਿੰਘ, ਚੇਅਰਮੈਨ ਸੇਵਾ ਸਿੰਘ ਗਿੱਲ, ਸਾਬਕਾ ਪੰਚਾਇਤ ਮੈਂਬਰ ਰਵੀ ਕੁਮਾਰ, ਵਿਸ਼ਾਖਾ ਸਿੰਘ, ਬਲਵਿੰਦਰ ਕਾਲਾ ਤੇ ਹੋਰ ਸਾਥੀ ਸ਼ਾਮਲ ਸਨ। ਸਰਪੰਚ ਬੁੱਧ ਸਿੰਘ ਅਤੇ ਸਮੂਹ ਮੈਂਬਰਾਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉੱਤਰੀ ਵਿਧਾਨ ਸਭਾ ਹਲਕੇ ਤੋਂ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੀ ਕਾਰਜਸ਼ੈਲੀ ਨੂੰ ਦੇਖਦੇ ਹੋਏ, ਨੌਸ਼ਹਿਰਾ ਖੁਰਦ ਦੀ ਪੰਚਾਇਤ ਦਾ ਸੰਪੂਰਨ ਵਿਕਾਸ ਕੀਤਾ ਜਾਵੇਗਾ।