ਚੇਤਨਪੁਰਾ (ਪੱਤਰ ਪ੍ਰੇਰਕ): ਥਾਣਾ ਰਾਜਾਸਾਸੀ ਅਧੀਨ ਪਿੰਡ ਬੱਲ ਸਚੰਦਰ ਦੇ ਵਸਨੀਕ 8 ਵਰ੍ਹਿਆਂ ਦੇ ਬੱਚੇ ਗੁਰਅੰਸਪ੍ਰੀ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਆਪਣੇ ਹੀ ਸਕੇ ਨਾਨੇ ਅਮਰਜੀਤ ਸਿੰਘ ਮੀਰਾਂਕੋਟ ਵੱਲੋਂ ਜਗਦੇਵ ਕਲਾਂ ਦੇ ਨੇੜੇ ਨਹਿਰ ਵਿੱਚ ਧੱਕਾ ਦੇ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਮਾਤਾ ਪਿਤਾ ਦਾ ਘਰੇਲੂ ਝਗੜਾ ਚੱਲ ਰਿਹਾ ਸੀ ਤੇ ਅਦਾਲਤ ਵੱਲੋਂ ਦੋਵੇਂ ਪਤੀ ਪਤਨੀ ਨੂੰ ਸਮਝੌਤਾ ਕਰਕੇ ਆਪਣਾ ਘਰ ਵਸਾਉਣ ਲਈ ਕਿਹਾ ਸੀ ਜਿਸ ਤੇ ਦੋਵੇਂ ਜੀਆਂ ਵਿੱਚ ਕਰੀਬ ਦੋ ਕੁ ਦਿਨ ਪਹਿਲਾਂ ਸਹਿਮਤੀ ਹੋ ਗਈ ਸੀ ਜੋ ਕਿ ਸੁਖਦੇਵ ਸਿੰਘ ਦੇ ਸਹੁਰੇ (ਬੱਚੇ ਦੇ ਨਾਨੇ ਅਮਰਜੀਤ ਸਿੰਘ) ਨੂੰ ਕਬੂਲ ਨਹੀਂ ਸੀ। ਉਸ ਰੰਜਿਸ਼ ਤਹਿਤ ਨਾਨੇ ਵੱਲੋਂ ਬੱਚੇ ਦਾ ਨਹਿਰ ਵਿੱਚ ਧੱਕਾ ਦੇ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਰਾਜਾਸਾਂਸੀ ਪੁਲਿਸ ਵੱਲੋਂ ਦੋਸੀ ਨੂੰ ਗਿ੍ਫ਼ਤਾਰ ਕਰਕੇ ਜਾਂਚ ਪੜਤਾਲ ਚੱਲ ਰਹੀ ਹੈ।