ਅੰਗਹੀਣਾਂ ਨੇ ਭਿੱਖੀਵਿੰਡ ਚੌਕ ਜਾਮ ਕਰ ਕੇ ਲਾਇਆ ਧਰਨਾ

ਅੰਗਹੀਣਾਂ ਨੇ ਭਿੱਖੀਵਿੰਡ ਚੌਕ ਜਾਮ ਕਰ ਕੇ ਲਾਇਆ ਧਰਨਾ

ਭਿੱਖੀਵਿੰਡ ਚੌਕ ਵਿੱਚ ਧਰਨਾ ਦਿੰਦੇ ਹੋਏ ਅੰਗਹੀਣ।

ਨਰਿੰਦਰ ਸਿੰਘ
ਭਿੱਖੀਵਿੰਡ, 18 ਜੂਨ

ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਜਿੱਥੇ ਅੰਗਹੀਣਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਕਰਨ ਦੇ ਆਦੇਸ਼ ਹਨ, ਉੱਥੇ ਹੀ ਕੁਝ ਸਰਕਾਰੀ ਬਾਬੂਆਂ ਵੱਲੋਂ ਇਨ੍ਹਾਂ ਨੂੰ ਬਿਨਾਂ ਵਜ੍ਹਾ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਬਲਾਕ ਭਿੱਖੀਵਿੰਡ ’ਚ ਬੀਤੇ ਤਿੰਨ ਸਾਲਾਂ ਤੋਂ ਅੰਗਹੀਣਾਂ ਨੂੰ ਆਪਣੇ ਹੱਕ ਲੈਣ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਮੌਕੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਬੀਤੇ 3 ਸਾਲਾਂ ਤੋਂ ਬਲਾਕ ਭਿੱਖੀਵਿੰਡ ਅਧੀਨ ਆਉਂਦੇ ਬਾਰਡਰ ਏਰੀਏ ਦੇ ਅੰਗਹੀਣ ਵਿਅਕਤੀਆਂ ਨੂੰ 5 ਮਰਲੇ ਦਾ ਪਲਾਟ ਜਿਸ ਵਿੱਚ ਕਮਰਾ, ਟਾਇਲਟ, ਬਾਥਰੂਮ ਆਦਿ ਸਰਕਾਰ ਵੱਲੋਂ ਅਲਾਟ ਕੀਤਾ ਗਿਆ ਹੈ, ਜਿਸ ਦੀ ਪੜਤਾਲ ਵੀ ਪੂਰੀ ਹੋ ਚੁੱਕੀ ਹੈ ਪਰ ਅਜੇ ਤੱਕ ਕਿਸੇ ਵੀ ਅੰਗਹੀਣ ਨੂੰ 5 ਮਰਲੇ ਦਾ ਪਲਾਟ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੀਡੀਓ ਭਿੱਖੀਵਿੰਡ ਵੱਲੋਂ ਸਾਡੇ ਹੱਕਾਂ ਨੂੰ ਦੇਣ ਦੀ ਬਜਾਏ ਉਲਟਾ ਸਾਨੂੰ ਦੁਬਾਰਾ ਫਾਈਲਾਂ ਭਰਨ ਲਈ ਕਿਹਾ ਜਾ ਰਿਹਾ ਹੈ ਅਤੇ ਵਾਰ ਵਾਰ ਸਾਥੋਂ ਬਲਾਕ ਭਿੱਖੀਵਿੰਡ ਦੇ ਗੇੜੇ ਲਗਵਾਏ ਜਾ ਰਹੇ ਹਨ। ਲਖਵੀਰ ਸਿੰਘ ਨੇ ਦੱਸਿਆ ਕਿ ਉਹ ਮੰਗ ਪੱਤਰ ਲੈ ਕੇ ਬੀਡੀਓ ਨੂੰ ਦੇਣ ਲਈ ਪੁੱਜੇ ਸਨ ਪਰ ਇੱਕ ਘੰਟਾ ਇੰਤਜ਼ਾਰ ਕਰਨ ਤੋਂ ਬਾਅਦ ਜਦ ਅਧਿਕਾਰੀ ਨਹੀਂ ਮਿਲੇ ਤਾਂ ਮਜਬੂਰਨ ਉਨ੍ਹਾਂ ਨੂੰ ਭਿੱਖੀਵਿੰਡ ਦੇ ਮੇਨ ਚੌਕ ਵਿੱਚ ਧਰਨਾ ਲਗਾਉਣਾ ਪਿਆ। ਉਨ੍ਹਾਂ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਜੇਕਰ ਅੰਗਹੀਣ ਵਿਅਕਤੀਆਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਉਹ ਭਿੱਖੀਵਿੰਡ ਚੌਕ ਨੂੰ ਪੂਰਨ ਤੌਰ ’ਤੇ ਬੰਦ ਕਰ ਲੰਮੇ ਸਮੇਂ ਲਈ ਧਰਨੇ ’ਤੇ ਬੈਠਣਗੇ ਅਤੇ ਪੰਜਾਬ ਪੱਧਰੀ ਰੋਸ ਮੁਜ਼ਾਹਰਾ ਵੀ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All