ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 24 ਸਤੰਬਰ
ਇਤਿਹਾਸਕ ਨਗਰ ਗੋਇੰਦਵਾਲ ਸਾਹਿਬ ਦੇ ਬੱਸ ਸਟੈਂਡ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਇਸ ਬੱਸ ਸਟੈਂਡ ਦੀ ਤਰਸਯੋਗ ਹਾਲਤ ਪਿਛਲੇ ਲੰਬੇ ਸਮੇਂ ਤੋਂ ਇਸੇ ਤਰ੍ਹਾਂ ਹੈ। ਸਾਂਭ ਸੰਭਾਲ ਨਾ ਹੋਣ ਕਾਰਨ ਬੱਸ ਸਟੈਂਡ ਦੀ ਇਮਾਰਤ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਇੱਥੇ ਸਾਫ ਸਫਾਈ ਦਾ ਪ੍ਰਬੰਧ ਨਾ ਹੋਣ ਕਾਰਨ ਦੂਰ-ਦੁਰਾਡੇ ਤੋਂ ਗੁਰੂ ਨਗਰੀ ਦੇ ਦਰਸ਼ਨ ਕਰਨ ਆਉਂਦੀ ਸੰਗਤ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਗੋਇੰਦਵਾਲ ਸਾਹਿਬ ਇਕਾਈ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸੁਲੱਖਣ ਸਿੰਘ ਤੁੜ ਨੇ ਆਖਿਆ ਕਿ ਇਸ ਬੱਸ ਸਟੈਂਡ ਵਿੱਚ ਯਾਤਰੀਆਂ ਲਈ ਨਾ ਪੀਣ ਲਈ ਸਾਫ ਪਾਣੀ ਦੀ ਸਹੂਲਤ ਅਤੇ ਨਾ ਹੀ ਗਰਮੀ ਵਿੱਚ ਪੱਖਿਆਂ ਦੀ ਸਹੂਲਤ ਹੈ। ਯਾਤਰੀਆਂ ਲਈ ਬਣਾਏ ਪਖਾਨੇ ਸਫਾਈ ਨਾ ਹੋਣ ਕਾਰਨ ਬਦਬੂ ਮਾਰ ਰਹੇ ਹਨ। ਬੱਸ ਸਟੈਂਡ ਅੰਦਰ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਬਾਹਰੋਂ ਆਉਣ ਵਾਲੇ ਯਾਤਰੀਆਂ ਦਾ ਸਵਾਗਤ ਕਰਦੇ ਹਨ। ਮੀਂਹ ਦੌਰਾਨ ਬੱਸ ਸਟੈਂਡ ਦੀ ਹਦੂਦ ਬਰਸਾਤੀ ਪਾਣੀ ਨਾਲ ਭਰ ਜਾਂਦੀ ਹੈ। ਉੱਥੇ ਹੀ ਬੱਸ ਸਟੈਂਡ ਅੰਦਰ ਬਣੀਆਂ ਦੁਕਾਨਾਂ ਪਿਛਲੇ ਚਾਰ ਸਾਲ ਤੋਂ ਬੋਲੀ ਨਾ ਹੋਣ ਕਾਰਨ ਬੰਦ ਪਈਆਂ ਹਨ। ਇਲਾਕਾ ਨਿਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਲੋਂ ਇਸ ਬੱਸ ਸਟੈਂਡ ਦੀ ਹਾਲਤ ਸੁਧਾਰਨ ਦੀ ਮੰਗ ਕਰਦਿਆਂ ਆਖਿਆ ਕਿ ਕੁੱਝ ਦਿਨਾਂ ਬਾਅਦ ਗੋਇੰਦਵਾਲ ਸਾਹਿਬ ਦਾ ਸਾਲਾਨਾ ਜੋੜ ਮੇਲਾ ਆ ਰਿਹਾ। ਇਸ ਦੌਰਾਨ ਲੱਖਾਂ ਸ਼ਰਧਾਲੂ ਗੁਰੂ ਘਰ ਨਤਮਸਤਕ ਹੁੰਦੇ ਹਨ। ਉਨ੍ਹਾਂ ਆਖਿਆ ਕਿ ਗੁਰੂ ਘਰ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਸਥਾਨਕ ਬੱਸ ਸਟੈਂਡ ਦੀ ਹਾਲਤ ਜਲਦੀ ਸੁਧਾਰੀ ਜਾਵੇ।
ਕੀ ਕਹਿੰਦੇ ਨੇ ਅਧਿਕਾਰੀ
ਪੰਜਾਬ ਲਘੂ ਉਦਯੋਗ ਨਿਰਯਾਤ ਵਿਭਾਗ ਦੇ ਐਕਸੀਅਨ ਕਮਲਜੀਤ ਸਿੰਘ ਨੇ ਆਖਿਆ ਕਿ ਸਬੰਧਤ ਐਸਡੀਓ ਅਤੇ ਜੇਈ ਨੂੰ ਬੱਸ ਅੱਡੇ ਦੀ ਸਾਫ ਸਫਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੋਮਵਾਰ ਤੱਕ ਸਾਫ ਸਫਾਈ ਕਰਵਾ ਦਿੱਤੀ ਜਾਵੇਗੀ। ਦੁਕਾਨਾਂ ਦੀ ਬੋਲੀ ਦੇ ਸਬੰਧੀ ਉਨ੍ਹਾਂ ਕਿਹਾ ਕਿ ਬੋਲੀਕਾਰਾਂ ਵੱਲੋਂ ਕਿਰਾਏ ਦਾ ਭੁਗਤਾਨ ਨਾ ਕੀਤੇ ਜਾਣ ਕਾਰਨ ਦੁਕਾਨਾਂ ਦੀ ਬੋਲੀ ਨਹੀਂ ਕਰਵਾਈ ਗਈ।