ਪੱਤਰ ਪ੍ਰੇਰਕ
ਪਠਾਨਕੋਟ, 28 ਜਨਵਰੀ
ਥਾਣਾ ਤਾਰਾਗੜ੍ਹ ਅਧੀਨ ਆਉਂਦੇ ਪਿੰਡ ਕੋਠੇ-ਖਿਆਲਾ ਵਿੱਚ ਇੱਕ ਨੌਜਵਾਨ ਦੀ ਛੱਪੜ ਵਿੱਚੋਂ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਉਕਤ ਨੌਜਵਾਨ ਪਿਛਲੇ 15 ਦਿਨਾਂ ਤੋਂ ਲਾਪਤਾ ਸੀ। ਉਸ ਦੀ ਪਛਾਣ ਕੇਸ਼ਵ ਕੁਮਾਰ ਪੁੱਤਰ ਸੁਰਿੰਦਰ ਵਾਸੀ ਪਿੰਡ ਪੱਖੋਚੱਕ ਵਜੋਂ ਹੋਈ ਹੈ। ਤਾਰਾਗੜ੍ਹ ਪੁਲੀਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ।
ਤਾਰਾਗੜ੍ਹ ਪੁਲੀਸ ਸਟੇਸ਼ਨ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ਤੇ ਕਿਸੇ ਨੇ ਸੂਚਿਤ ਕੀਤਾ ਕਿ ਬੇਗੋਵਾਲ ਤੋਂ ਕੋਠੇ ਖਿਆਲਾ ਨੂੰ ਜਾਂਦੀ ਸੜਕ ਵਿਚਕਾਰ ਪੈਂਦੇ ਛੱਪੜ ਵਿੱਚ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਦੇ ਸਾਰ ਉਹ ਆਪਣੀ ਪੁਲੀਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪੁੱਜੇ। ਛੱਪੜ ਵਿੱਚ ਤੈਰ ਰਹੀ ਲਾਸ਼ ਨੂੰ ਦੇਖਦੇ ਹੋਏ ਲੋਕਾਂ ਨੇ ਕੇਸ਼ਵ ਕੁਮਾਰ ਦੇ ਪਰਿਵਾਰ ਨੂੰ ਫੋਨ ਕੀਤਾ ਕਿਉਂਕਿ ਕੇਸ਼ਵ ਕੁਮਾਰ ਕੁੱਝ ਦਿਨਾਂ ਤੋਂ ਗੁੰਮ ਸੀ। ਸੂਚਨਾ ਮਿਲਦੇ ਹੀ ਕੇਸ਼ਵ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਉਥੇ ਪੁੱਜੇ। ਜਿੱਥੇ ਪੁੱਜ ਕੇ ਉਨ੍ਹਾਂ ਪੁਲੀਸ ਦੀ ਮਦਦ ਨਾਲ ਲਾਸ਼ ਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਅਤੇ ਉਸ ਦੀ ਸ਼ਨਾਖਤ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚੋਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।