ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਅਧਿਆਪਕਾਂ ਵੱਲੋਂ ਅਧਿਆਪਕ ਯੋਗਤਾ ਪ੍ਰੀਖਿਆ (ਟੈੱਟ) ਨੂੰ ਅਧਿਆਪਕਾਂ ਲਈ ਲਾਜ਼ਮੀ ਬਣਾਉਣ ਦਾ ਵਿਰੋਧ ਕੀਤਾ ਗਿਆ। ਇਹ ਵਿਰੋਧ ਮਾਸਟਰ ਕਾਡਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਪਵਨ ਸ਼ਰਮਾ, ਸਟੇਟ ਕਮੇਟੀ ਮੇਂਬਰ ਰਾਕੇਸ਼ ਸ਼ਰਮਾ, ਰਾਕੇਸ਼ ਮਹਾਜਨ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਸਿਮਰਨਜੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ।
ਆਗੂਆਂ ਕਿਹਾ ਕਿ 20-25 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੇ ਅਧਿਆਪਕਾਂ ਦੀ ਯੋਗਤਾ, ਉਨ੍ਹਾਂ ਦੇ ਨਤੀਜਿਆਂ, ਤਜਰਬੇ ਅਤੇ ਸੇਵਾ ਰਿਕਾਰਡ ਰਾਹੀਂ ਪਹਿਲਾਂ ਹੀ ਸਾਬਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਟੈਟ ਮੁੱਖ ਤੌਰ ’ਤੇ ਨਵੀਂ ਭਰਤੀ ਲਈ ਬਣਾਇਆ ਗਿਆ ‘ਯੋਗਤਾ ਟੈਸਟ’ ਹੈ। ਦਹਾਕਿਆਂ ਤੋਂ ਸੇਵਾ ਕਰ ਰਹੇ ਅਧਿਆਪਕਾਂ ’ਤੇ ਇਸ ਨੂੰ ਲਾਗੂ ਕਰਨਾ, ਉਨ੍ਹਾਂ ਦੇ ਤਜਰਬੇ ਅਤੇ ਸਮਰਪਣ ਨੂੰ ਨਜ਼ਰਅੰਦਾਜ਼ ਕਰਨ ਦੇ ਬਰਾਬਰ ਹੈ। ਇਹ ਫੈਸਲਾ ਅਧਿਆਪਕ ਵਰਗ ਦੇ ਮਨੋਬਲ ’ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਅਜਿਹੇ ਹਾਲਾਤ ਵਿੱਚ ਮੁੜ ਲਿਖਤੀ ਪ੍ਰੀਖਿਆ ਲਾਜ਼ਮੀ ਕਰਨਾ ਵਿਹਾਰਿਕ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ 15-20 ਸਾਲ ਤੋਂ ਵੱਧ ਸੇਵਾ ਕਰ ਰਹੇ ਅਧਿਆਪਕਾਂ ਨੂੰ ਟੈੱਟ ਤੋਂ ਛੋਟ ਦਿੱਤੀ ਜਾਵੇ। ਇਸ ਮੌਕੇ ਪ੍ਰੇਮ ਭੜੋਲੀ, ਰਾਜੀਵ ਸਲਾਰੀਆ, ਲਲਿਤ ਤ੍ਰੇਹਨ, ਰਾਜੀਵ ਕੁਮਾਰ, ਵਿਜੇਨਤ ਜੋਸ਼ੀ, ਬਲਵਿੰਦਰ ਕੁਮਾਰ, ਸੰਜੀਵ ਮਾਹੀ, ਸੁਰਿੰਦਰ ਕੁਮਾਰ, ਅਜੇ ਭੋਗਲ ਆਦਿ ਵੀ ਹਾਜ਼ਰ ਸਨ।

