ਅਧਿਆਪਕਾਂ ਨੇ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ

ਸਿੱਖਿਆ ਨੂੰ ਤਬਾਹੀ ਵੱਲ ਧੱਕਣ ਵਾਲੀਆਂ ਨਿੱਜੀਕਰਨ ਦੀਆਂ ਨੀਤੀਆਂ ਦਾ ਵਿਰੋਧ

ਅਧਿਆਪਕਾਂ ਨੇ ਸਿੱਖਿਆ ਸਕੱਤਰ ਦੇ ਪੁਤਲੇ ਫੂਕੇ

ਹੁਸ਼ਿਆਰਪੁਰ ਵਿੱਚ ਡੀਸੀ ਦਫ਼ਤਰ ਦੇ ਬਾਹਰ ਸਿੱਖਿਆ ਸਕੱਤਰ ਦਾ ਪੁਤਲਾ ਫੂਕਦੇ ਹੋਏ ਅਧਿਆਪਕ।

ਹਰਪ੍ਰੀਤ ਕੌਰ

ਹੁਸ਼ਿਆਰਪੁਰ, 18 ਸਤੰਬਰ

ਸੰਘਰਸ਼ਾਂ ਦੌਰਾਨ ਪ੍ਰਾਪਤ ਹੋਈਆਂ ਵਿਕਟੇਮਾਈਜੇਸ਼ਨਾਂ ਨੂੰ ਰੱਦ ਕਰਨ ਬਾਰੇ ਸਬ ਕਮੇਟੀ ਵਲੋਂ ਦਿੱਤਾ ਫ਼ੈਸਲਾ ਲਾਗੂ ਨਾ ਕਰਨ ਅਤੇ ਸਿੱਖਿਆ ਨੂੰ ਤਬਾਹੀ ਵੱਲ ਧੱਕਣ ਵਾਲੀਆਂ ਨਿੱਜੀਕਰਨ ਪੱਖੀ ਨੀਤੀਆਂ ਤੋਂ ਖਫ਼ਾ ਅਧਿਆਪਕਾਂ ਨੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸਿੱਖਿਆ ਸਕੱਤਰ ਦਾ ਪੁਤਲਾ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬੋਲਦਿਆਂ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਡਾਨਸੀਵਾਲ ਅਤੇ ਸੂਬਾਈ ਆਗੂ ਮੁਕੇਸ਼ ਗੁਜਰਾਤੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਆਨਲਾਈਨ ਸਿਖਿਆ ਵਿਦਿਆਰਥੀਆਂ ਨੂੰ ਸਰੀਰਕ ਤੇ ਮਾਨਸਿਕ ਰੋਗੀ ਬਣਾ ਰਹੀ ਹੈ ਪਰ ਇਸ ਦਾ ਵਿਰੋਧ ਕਰਨ ਵਾਲੇ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।

ਤਰਨ ਤਾਰਨ (ਗੁਰਬਖਸ਼ਪੁਰੀ): ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐਫ) ਦੀ ਸਥਾਨਕ ਜ਼ਿਲ੍ਹਾ ਇਕਾਈ ਵਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਇਥੋਂ ਦੇ ਗਾਂਧੀ ਮਿਉਂਸੀਪਲ ਪਾਰਕ ਵਿੱਚ ਇਕ ਰੈਲੀ ਕੀਤੀ| ਜਥੇਬੰਦੀ ਦੇ ਆਗੂ ਨਛੱਤਰ ਸਿੰਘ ਦੀ ਅਗਵਾਈ ਵਿੱਚ ਕੀਤੀ ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੁੱਚਰ, ਕਸਮੀਰ ਸਿੰਘ, ਅੰਗਰੇਜ ਸਿੰਘ, ਕੰਵਰਦੀਪ ਸਿੰਘ ਢਿਲੋਂ, ਵਿਸ਼ਾਲ ਸ਼ਰਮਾ, ਹਰਮਨਦੀਪ ਸਿੰਘ, ਕੁਲਵੰਤ ਸਿੰਘ, ਪੰਜਾਬ ਤੇ ਯੂ.ਟੀ. ਸੰਘਰਸ਼ ਮੋਰਚਾ ਦੇ ਜਿਲ੍ਹਾ ਕਨਵੀਨਰ ਦੀਵਾਨ ਸਿੰਘ ਨੇ ਸੰਬੋਧਨ ਕੀਤਾ|

ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਜ਼ਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਅੱਜ ਦੂਜੇ ਦਿਨ ਵੀ ਡੀਸੀ ਦਫ਼ਤਰ ਵਿਖੇ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਸ਼ਵਨੀ ਅਵਸਥੀ, ਜਰਮਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਹਰਜਾਪ ਸਿੰਘ ਬੱਲ ਨੇ ਕਿਹਾ ਕਿ ਪੰਜ ਆਗੂਆਂ ਦੀ ਬਿਨਾਂ ਕਾਰਨ ਕੀਤੀ ਮੁਅੱਤਲੀ ਦੀ ਵਿਚਾਰ ਅਧੀਨ ਜਾਂਚ ਰੱਦ ਕਰਨ, ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰਾਂ ਸੁਖਵਿੰਦਰ ਸਿੰਘ ਚਾਹਲ ਅਤੇ ਬਲਕਾਰ ਸਿੰਘ ਵਲਟੋਹਾ ਨੂੰ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਦੀ ਸ਼ਹਿ ’ਤੇ ਮੰਦਭਾਵਨਾ ਤਹਿਤ ਜਾਰੀ ਚਾਰਜਸ਼ੀਟਾਂ ਰੱਦ ਕਰਨ, ਟ੍ਰੇਨਿੰਗਾਂ ਦਾ ਜਥੇਬੰਦਕ ਸੱਦੇ ’ਤੇ ਬਾਈਕਾਟ ਕਰਨ ਵਾਲਿਆਂ ਨੂੰ ਜਾਰੀ ਨੋਟਿਸ ਰੱਦ ਕਰਨ, ਸੰਘਰਸ਼ਾਂ ਦੌਰਾਨ ਦਰਜ ਪੁਲੀਸ ਕੇਸਾਂ ਬਹਾਨੇ ਰੋਕੇ 8886 ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਨ ਅਤੇ ਸਜ਼ਾਵਾਂ ਰੱਦ ਕਰਕੇ ਸੁਖਾਵਾਂ ਵਿੱਦਿਅਕ ਮਾਹੌਲ ਬਣਾਉਣ ਦੀ ਬਜਾਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਉਲਟ ਦਿਸ਼ਾ ਵੱਲ ਕੰਮ ਕੀਤਾ ਜਾ ਰਿਹਾ ਹੈ।

ਜਲੰਧਰ (ਨਿੱਜੀ ਪੱਤਰ ਪੇ੍ਰਕ): ਕੇਂਦਰ ਸਰਕਾਰ ਵੱਲੋਂ ਖੇਤੀ ਸੁਧਾਰਾਂ ਦੇ ਨਾਂ ਥੱਲੇ ਲਿਆਂਦੇ ਤਿੰਨ ਆਰਡੀਨੈਂਸਾਂ ਦੇ ਖਿਲਾਫ ਕਿਸਾਨਾਂ ਵੱਲੋਂ ਪਟਿਆਲਾ ਅਤੇ ਪਿੰਡ ਬਾਦਲ ਵਿਚ ਲਗਾਏ ਗਏ ਮੋਰਚੇ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਡਟਵੀ ਹਮਾਇਤ ਕਰਦਿਆਂ 19 ਸਤੰਬਰ ਨੂੰ ਉਕਤ ਮੋਰਚਿਆਂ ਵਿਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।

ਕਪੂਰਥਲਾ (ਧਿਆਨ ਸਿੰਘ ਭਗਤ): ਅਧਿਆਪਕ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਨੂੰ ਰੱਦ ਕਰਨ ਸਬੰਧੀ ਚਾਰ ਕੈਬਨਿਟ ਮੰਤਰੀਆਂ ਦੀ ਕਮੇਟੀ ਵੱਲੋਂ ਦਿੱਤੀ ਸਹਿਮਤੀ ਲਾਗੂ ਨਾ ਕਰਨ ਅਤੇ ਜਨਤਕ ਸਿੱਖਿਆ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦੇ ਖ਼ਿਲਾਫ਼ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਸੱਦੇ ’ਤੇ ਡੀ ਟੀ ਐਫ ਕਪੂਰਥਲਾ ਵਲੋਂ ਸਥਾਨਕ ਸ਼ਾਲਾਮਾਰ ਬਾਗ ਵਿਖੇ ਸਿੱਖਿਆ ਸਕੱਤਰ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਡੀ ਟੀ ਐਫ ਦੇ ਜ਼ਿਲ੍ਹਾ ਆਗੂਆਂ ਜੈਮਲ ਸਿੰਘ, ਬਲਵਿੰਦਰ ਭੰਡਾਲ, ਤਜਿੰਦਰ ਸਿੰਘ, ਸੁਖਚੈਨ ਸਿੰਘ, ਮਲਕੀਤ ਸਿੰਘ, ਗੁਰਮੁੱਖ ਲੋਕਪ੍ਰੇਮੀ, ਪਵਨ ਕੁਮਾਰ ਨੇੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All