ਗੁਰਬਖਸ਼ਪੁਰੀ
ਤਰਨ ਤਾਰਨ, 24 ਸਤੰਬਰ
ਸੀਆਈਏ ਸਟਾਫ਼ ਤਰਨ ਤਾਰਨ ਨੇ ਲੰਘੀ ਸ਼ਾਮ ਇਕ ਲੁਟੇਰਾ ਗਰੋਹ ਦੇ ਛੇ ਮੈਂਬਰਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ| ਇਸ ਗਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਨਾਲ ਚਾਰ ਦਿਨ ਪਹਿਲਾਂ ਇਲਾਕੇ ਦੇ ਪਿੰਡ ਢੋਟੀਆਂ ਦੀ ਭਾਰਤੀ ਸਟੇਟ ਬੈਂਕ ਨੂੰ ਲੁੱਟਣ ਵਾਲੇ ਪੰਜ ਮੈਂਬਰੀ ਗਰੋਹ ਦੀ ਵੀ ਸ਼ਨਾਖਤ ਕਰ ਲਈ ਗਈ ਹੈ| ਢੋਟੀਆਂ ਬੈਂਕ ਬਰਾਂਚ ਨੂੰ ਲੁੱਟਣ ਆਏ ਲੁਟੇਰੇ ਭਾਵੇਂ ਕਿ ਬੈਂਕ ਤੋਂ ਕੈਸ਼ ਲੁੱਟਣ ਵਿੱਚ ਸਫਲ ਨਹੀਂ ਸੀ ਹੋ ਸਕੇ ਪਰ ਉਨ੍ਹਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਮੌਕੇ ’ਤੇ ਇਕ ਏਐੱਸਆਈ ਬਲਵਿੰਦਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ| ਉਹ ਅਜੇ ਵੀ ਜ਼ੇਰੇ ਇਲਾਜ ਹੈ।
ਐੱਸਪੀ (ਜਾਂਚ) ਵਿਸ਼ਾਲਜੀਤ ਸਿੰਘ ਨੇ ਅੱਜ ਇੱਥੇ ਮੀਡੀਆ ਨੂੰ ਦੱਸਿਆ ਕਿ ਲੰਘੀ ਸ਼ਾਮ ਗ੍ਰਿਫਤਾਰ ਕੀਤੇ ਗਏ ਛੇ ਲੁਟੇਰਿਆਂ ਵਿੱਚ ਗਰੋਹ ਦੇ ਮੁਖੀ ਤਰਨ ਤਾਰਨ ਵਾਸੀ ਅਵਤਾਰ ਸਿੰਘ ਉਰਫ ਸਾਹਿਲ ਤੋਂ ਇਲਾਵਾ ਪਿੱਦੀ ਪਿੰਡ ਦੇ ਵਸਨੀਕ ਸ਼ਮਸ਼ੇਰ ਸਿੰਘ ਬੰਟੀ, ਆਕਾਸ਼ਦੀਪ ਸਿੰਘ ਮੋਟਾ, ਅੰਮ੍ਰਿਤਪਾਲ ਸਿੰਘ ਗੋਰੀ, ਰੁਪਿੰਦਰ ਸਿੰਘ ਭਿੰਦਾ ਅਤੇ ਅਕਾਸ਼ਦੀਪ ਸਿੰਘ ਕਾਸ਼ੂ ਸ਼ਾਮਲ ਹਨ| ਅਧਿਕਾਰੀ ਨੇ ਦੱਸਿਆ ਕਿ ਇਹ ਗਰੋਹ ਲੁੱਟਾਂ-ਖੋਹਾਂ ਕਰਨ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਦੇ ਧੰਦੇ ਵਿੱਚ ਵੀ ਸ਼ਾਮਲ ਹੈ| ਇਸ ਗਰੋਹ ਨੂੰ ਪਿੱਦੀ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ| ਲੁਟੇਰਿਆਂ ਕੋੋੋਲੋਂ ਦੋ ਪਿਸਤੌਲਾਂ, ਪੰਜ ਰੌਂਦ, ਤਿੰਨ ਦਾਤਰ ਅਤੇ ਇਕ ਕਿਰਚ ਬਰਾਮਦ ਕੀਤੀ ਗਈ ਹੈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗਰੋਹ ਦੇ ਮੁਖੀ ਅਵਤਾਰ ਸਿੰਘ ਸਾਹਿਲ ਨੇ ਹੀ ਢੋਟੀਆਂ ਬੈਂਕ ਲੁੱਟਣ ਵਾਲੇ ਗਰੋਹ ਦੀ ਅਗਵਾਈ ਕੀਤੀ ਸੀ| ਉਸ ਨੇ ਸਵੀਕਾਰ ਕੀਤਾ ਕਿ ਬੈਂਕ ਲੁੱਟਣ ਦੀ ਕਾਰਵਾਈ ਵਿੱਚ ਇਲਾਕੇ ਦੇ ਪਿੰਡ ਪੰਡੋਰੀ ਗੋਲਾ ਦੇ ਵਸਨੀਕ ਮਿੰਟੂ, ਅਜੈਦੇਵ ਸਿੰਘ, ਚਰਨਜੀਤ ਸਿੰਘ ਰਾਜੂ ਅਤੇ ਇਕ ਅਣਪਛਾਤਾ ਵਿਅਕਤੀ ਸ਼ਾਮਲ ਸੀ| ਇਸ ਬੈਂਕ ਡਕੈਤੀ ਦੀ ਕੋਸ਼ਿਸ਼ ਸਬੰਧੀ ਸਰਹਾਲੀ ਪੁਲੀਸ ਨੇ ਇਕ ਕੇਸ ਉਸ ਦਿਨ ਦਾ ਹੀ ਦਰਜ ਕੀਤਾ ਹੋਇਆ ਹੈ| ਪੁਲੀਸ ਨੇ ਬੈਂਕ ਡਕੈਤੀ ਦੀ ਕੋਸ਼ਿਸ਼ ਕਰਨ ਵਾਲੇ ਫਰਾਰ ਚੱਲ ਰਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ|
ਪੁਲੀਸ ਨੇ ਲੁੱਟ ਦਾ ਕੇਸ ਤਿੰਨ ਹਫਤਿਆਂ ਬਾਅਦ ਦਰਜ ਕੀਤਾ
ਤਰਨ ਤਾਰਨ (ਪੱਤਰ ਪ੍ਰੇਰਕ): ਤਰਨ ਤਾਰਨ ਦੇ ਵਸਨੀਕ ਬਰਕਤ ਸਿੰਘ ਵੋਹਰਾ ਤੋਂ ਕਰੀਬ ਤਿੰਨ ਹਫਤੇ ਪਹਿਲਾਂ ਪੱਟੀ ਤੋਂ ਤਰਨ ਤਾਰਨ ਆਉਂਦਿਆਂ ਪਿੱਦੀ ਪਿੰਡ ਨੇੜੇ ਹੋਈ ਲੁੱਟ ਸਬੰਧੀ ਥਾਣਾ ਸਦਰ ਤਰਨ ਤਾਰਨ ਦੀ ਪੁਲੀਸ ਨੇ ਬੀਤੇ ਕੱਲ੍ਹ ਕੇਸ ਦਰਜ ਕੀਤਾ ਹੈ| ਬਰਕਤ ਸਿੰਘ ਆਪਣੇ ਮੋਟਰਸਾਈਕਲ ’ਤੇ ਪੱਟੀ ਤੋਂ ਤਰਨ ਤਾਰਨ ਵੱਲ ਆ ਰਿਹਾ ਸੀ ਤਾਂ ਪਿੱਦੀ ਨੇੜੇ ਪਿੱਛੋਂ ਮੋਟਰਸਾਈਕਲ ’ਤੇ ਆਏ ਲੁਟੇਰੇ ਉਸ ਦੀ ਸੱਜੇ ਪਾਸੇ ਦੀ ਜੇਬ ਵਿੱਚੋਂ ਉਸ ਦਾ ਪਰਸ ਲੁੱਟ ਕੇ ਲੈ ਗਏ| ਉਸ ਨੇ ਦੱਸਿਆ ਕਿ ਪਰਸ ਵਿੱਚ 14000 ਰੁਪਏ, ਅਸਲਾ ਲਾਇਸੈਂਸ, ਡਰਾਈਵਿੰਗ ਲਾਈਸੈਂਸ ਸਮੇਤ ਉਸ ਦੀ ਪਤਨੀ, ਲੜਕੇ ਅਤੇ ਉਸ ਦੇ ਬੈਂਕਾਂ ਸਬੰਧੀ ਦਸਤਾਵੇਜ਼ ਸਨ| ਪੁਲੀਸ ਨੇ ਦਫ਼ਾ 379ਬੀ ਅਧੀਨ ਇਕ ਕੇਸ ਦਰਜ ਕੀਤਾ ਹੈ| ਉਸ ਨੇ ਕਿਹਾ ਕਿ ਕੇਸ ਦਰਜ ਕਰਵਾਉਣ ਲਈ ਉਸ ਵੱਲੋਂ ਉਸੇ ਦਿਨ ਪੁਲੀਸ ਕੋਲ ਸ਼ਿਕਾਇਤ ਦੇ ਦਿੱਤੀ ਗਈ ਸੀ|