ਤਾਰਾਗੜ੍ਹ ਪੁਲੀਸ ਸਟੇਸ਼ਨ ਦੀ ਹਿਰਾਸਤ ਵਿੱਚੋਂ ਫ਼ਰਾਰ ਹੋਏ ਇੱਕ ਝਪਟਮਾਰ ਨੂੰ ਪੁਲੀਸ ਨੇ ਸੱਤ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਮੁੜ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਸੂਰਜ ਸ਼ਾਹ ਵਾਸੀ ਢੋਲੋਵਾਲ ਨੂੰ ਨੀਲਮ ਦੇਵੀ ਨਾਮੀ ਮਹਿਲਾ ਦਾ ਪਰਸ ਅਤੇ ਮੋਬਾਈਲ ਖੋਹਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਸੀ। ਪਰਸ ਵਿੱਚ 7,000 ਰੁਪਏ ਦੀ ਨਕਦੀ ਸੀ, ਜੋ ਮਹਿਲਾ ਨੇ ਆਪਣੇ ਪੋਤੇ ਦੇ ਜਨਮ ਦਿਨ ਲਈ ਤੋਹਫ਼ਾ ਖਰੀਦਣ ਵਾਸਤੇ ਰੱਖੀ ਹੋਈ ਸੀ।
ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਸੱਤ ਪਾਲ ਨੇ ਦੱਸਿਆ ਕਿ ਜਦੋਂ ਪੁਲੀਸ ਪਾਰਟੀ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵਾਪਸ ਲਿਆ ਰਹੀ ਸੀ, ਤਾਂ ਸ਼ਾਮ ਵੇਲੇ ਪਰਮਾਨੰਦ ਰੇਲਵੇ ਫਾਟਕ ਕੋਲ ਉਸ ਨੇ ਪਿਸ਼ਾਬ ਕਰਨ ਦਾ ਬਹਾਨਾ ਬਣਾਇਆ। ਇਸੇ ਦੌਰਾਨ ਉਹ ਪੁਲੀਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਅਤੇ ਹੱਥਕੜੀ ਛੁਡਾ ਕੇ ਫ਼ਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਤੁਰੰਤ ਇਲਾਕੇ ਵਿੱਚ ਵੱਡੇ ਪੱਧਰ ’ਤੇ ਛਾਪੇਮਾਰੀ ਸ਼ੁਰੂ ਕੀਤੀ ਗਈ। ਲਗਪਗ ਸੱਤ ਘੰਟਿਆਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਮੁੜ ਦਬੋਚ ਲਿਆ। ਇਸ ਦੇ ਨਾਲ ਹੀ ਪੁਲੀਸ ਨੇ ਮੁਲਜ਼ਮ ਦੇ ਮਾਮੇ ਬਲਬੀਰ ਕੁਮਾਰ ਨੂੰ ਵੀ ਹਿਰਾਸਤ ਵਿੱਚ ਲਿਆ ਹੈ, ਜਿਸ ਨੇ ਆਪਣੇ ਭਾਣਜੇ ਨੂੰ ਫ਼ਰਾਰ ਹੋਣ ਤੋਂ ਬਾਅਦ ਪਨਾਹ ਦਿੱਤੀ ਸੀ। ਪੁਲੀਸ ਨੇ ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

