Sukhbir Badal Visits Attari Village: ਸੁਖਬੀਰ ਬਾਦਲ ਨੇ ਚੀਚਾ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ
ਬੇਰੁਜ਼ਗਾਰੀ ਤੇ ਨਸ਼ਿਆਂ ਨੂੰ ਸਰਹੱਦੀ ਇਲਾਕੇ ਦੀਆਂ ਵੱਡੀਆਂ ਸਮੱਸਿਆਵਾਂ ਦੱਸਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਟਾਰੀ ਹਲਕੇ ਦੇ ਪਿੰਡ ਚੀਚਾ ਵਿੱਚ ਘਰ ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਕੀਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਅਤੇ ਨਸ਼ਾ ਸਰਹੱਦੀ ਪੱਟੀ ਵਿੱਚ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ। ਇਸ ਮੌਕੇ 23 ਸਾਲਾਂ ਦੀ ਸੁਖਜੀਤ ਕੌਰ ਨੇ ਕਿਹਾ ਕਿ ਉਸਦੇ ਪਿਤਾ ਕੋਲ ਕੰਮ ਨਹੀਂ ਹੈ, ਉਸਦੀ ਮਾਂ ਘਰੇਲੂ ਸੁਆਣੀ ਹੈ। ਉਸ ਦੇ ਭਰਾ ਬੇਰੁਜ਼ਗਾਰ ਹਨ। ਉਨ੍ਹਾਂ ਨੂੰ ਪਰਿਵਾਰ ਦੀ ਖੁਸ਼ਹਾਲੀ ਵਾਸਤੇ ਰੁਜ਼ਗਾਰ ਚਾਹੀਦਾ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਇਥੇ ਬਹੁਤ ਆਸਾਨੀ ਨਾਲ ਨਸ਼ੇ ਵੇਚੇ ਜਾਂਦੇ ਹਨ ਤੇ ਨਸ਼ੇੜੀ ਲੋਕਾਂ ਵਾਸਤੇ ਮੁਸ਼ਕਲਾਂ ਖੜ੍ਹੀਆਂ ਕਰਦੇ ਹਨ। ਅਕਾਲੀ ਦਲ ਦੇ ਪ੍ਰਧਾਨ ਨੇ ਪਿੰਡ ਵਿੱਚ ਪੰਜ ਘਰਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਗਲੀ ਅਕਾਲੀ ਦਲ ਦੀ ਸਰਕਾਰ ਤੋਂ ਪੰਜ ਉਮੀਦਾਂ ਦਾ ਜ਼ਿਕਰ ਕਰਨ। ਉਹ ਫਾਰਮ ਭਰਨ ਅਤੇ ਪਾਰਟੀ ਹੇਠਲੇ ਪੱਧਰ ਤੱਕ ਲੋਕਾਂ ਤੋਂ ਫੀਡਬੈਕ ਲੈ ਕੇ ਆਪਣਾ ਚੋਣ ਮਨੋਰਥ ਤਿਆਰ ਕਰੇਗੀ ਜੋ 1 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਨਾ ਸਿਰਫ਼ ਸਰਹੱਦੀ ਪੱਟੀ ਵਿੱਚ ਉਦਯੋਗ ਲਿਆਂਦੇ ਜਾਣਗੇ ਬਲਕਿ ਸਰਕਾਰ ਬਣਨ ਦੇ ਸਾਲ ਦੇ ਅੰਦਰ ਖਾਲੀ ਪਈਆਂ 3 ਲੱਖ ਅਸਾਮੀਆਂ ਵੀ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਵਿਸ਼ਵ ਸਕਿੱਲ ਯੂਨੀਵਰਸਿਟੀ ਸਥਾਪਤ ਕਰ ਕੇ ਹਰ ਜ਼ਿਲ੍ਹੇ ਵਿੱਚ ਸੈਂਟਰ ਬਣਾ ਕੇ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣਗੇ। ਨੌਜਵਾਨ 10 ਲੱਖ ਰੁਪਏ ਵਿਆਜ਼ ਮੁਕਤ ਕਰਜ਼ਾ ਲੈ ਕੇ ਉੱਦਮੀ ਵੀ ਬਣ ਸਕਣਗੇ।
ਉਨ੍ਹਾਂ ਭਰੋਸਾ ਦਿੱਤਾ ਕਿ ਅਕਾਲੀ ਸਰਕਾਰ ਬਣਨ ’ਤੇ 4 ਰੁਪਏ ਕਿਲੋ ਦੀ ਦਰ ’ਦੇ ਨਾਲ 50 ਕਿਲੋ ਕਣਕ ਦਿੱਤੀ ਜਾਵੇਗੀ ਤੇ ਸਾਰੇ ਸਕੂਲਾਂ ਵਿੱਚ ਗਰੀਬ ਵਰਗ ਲਈ 50 ਫੀਸਦੀ ਸੀਟਾਂ ਰਾਖਵੀਂਆਂ ਯਕੀਨੀ ਬਣਾਈਆਂ ਜਾਣਗੀਆਂ। ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ, ਰਾਜਾ ਲਾਦੇਹ, ਸੁਰਜੀਤ ਪਹਿਲਵਾਨ ਅਤੇ ਮੁਖਵਿੰਦਰ ਸਿੰਘ ਖਾਪਰਖੇੜੀ ਵੀ ਹਾਜ਼ਰ ਸਨ।

