ਐੱਨਪੀ ਧਵਨ
ਪਠਾਨਕੋਟ, 18 ਜੂਨ
ਨੰਗਲਭੂਰ ਥਾਣੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਇੱਕ ਨੌਜਵਾਨ ਵਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦ ਮ੍ਰਿਤਕ ਦੇ ਮਾਪਿਆਂ ਨੇ ਖੁਦਕੁਸ਼ੀ ਨੂੰ ਹੱਤਿਆ ਕਰਾਰ ਦਿੱਤਾ। ਡੀਐੱਸਪੀ ਅਨੁਸਾਰ ਮਾਮਲੇ ਦੀ ਜੁਡੀਸ਼ੀਅਲ ਜਾਂਚ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਹਰਭਜਨ ਸਿੰਘ ਦੇ ਬਿਆਨਾਂ ’ਤੇ ਮ੍ਰਿਤਕ ਦੀ ਪ੍ਰੇਮਿਕਾ ਲੜਕੀ ਦੇ ਤਾਏ ਦੇ ਲੜਕੇ ਰੋਸ਼ਨ ਵਾਸੀ ਘੰਡਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਘੰਡਰਾਂ ਪਿੰਡ ਦੀ ਇੱਕ ਨਾਬਾਲਗ ਲੜਕੀ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਗੰਗੜੋਲਾ ਦਾ ਨੌਜਵਾਨ ਹਰਮਨਦੀਪ ਸਿੰਘ ਵਿਆਹ ਦੀ ਨੀਅਤ ਨਾਲ ਭਜਾ ਕੇ ਲੈ ਗਿਆ ਸੀ, ਜਿਸ ’ਤੇ 28 ਦਸੰਬਰ 2020 ਨੂੰ ਆਈਪੀਸੀ ਦੀ ਧਾਰਾ 363, 366 ਤਹਿਤ ਨੰਗਲਭੂਰ ਥਾਣੇ ਵਿੱਚ ਮਾਮਲਾ ਦਰਜ ਹੋਇਆ। ਲੜਕੇ ਦੇ ਪਿਤਾ ਹਰਭਜਨ ਸਿੰਘ ਅਨੁਸਾਰ ਉਸ ਦੇ ਬੇਟੇ ਨੂੰ ਥਾਣਾ ਨੰਗਲਭੂਰ ਦੀ ਪੁਲੀਸ 14 ਤਰੀਕ ਨੂੰ ਗ੍ਰਿਫ਼ਤਾਰ ਕਰਕੇ ਲੈ ਆਈ। 15 ਤਰੀਕ ਨੂੰ ਉਸ ਦੀ ਪਤਨੀ ਸੁਰਿੰਦਰ ਕੌਰ ਨੂੰ ਪੁਲੀਸ ਵਾਲਿਆਂ ਨੇ ਦੱਸਿਆ ਕਿ ਉਸ ਦੇ ਬੇਟੇ ਨੇ ਸਵੇਰੇ ਹਵਾਲਾਤ ਅੰਦਰ ਹੀ ਚਾਦਰ ਨਾਲ ਫਾਹਾ ਲਾ ਕੇ ਆਤਮਹੱਤਿਆ ਕਰ ਲਈ। ਪਿਤਾ ਨੇ ਦੋਸ਼ ਲਾਇਆ ਕਿ ਪੁਲੀਸ ਨੇ ਕੁੱਟਮਾਰ ਕਰਕੇ ਉਸ ਦੇ ਬੇਟੇ ਦੀ ਹੱਤਿਆ ਕੀਤੀ ਹੈ ਤੇ ਬਾਅਦ ਵਿੱਚ ਖੁਦਕੁਸ਼ੀ ਦੀ ਮਨਘੜਤ ਕਹਾਣੀ ਘੜੀ ਹੈ।
ਮ੍ਰਿਤਕ ਦੇ ਮਾਪਿਆਂ ਨੇ ਸਾਰਾ ਦੋਸ਼ ਲੜਕੀ ਅਤੇ ਉਸ ਦੇ ਪਰਿਵਾਰ ’ਤੇ ਵੀ ਲਗਾਉਂਦਿਆਂ ਕਿਹਾ ਕਿ ਲੜਕੀ ਖੁਦ ਉਨ੍ਹਾਂ ਦੇ ਘਰ ਆਈ ਸੀ ਨਾ ਕੀ ਉਸ ਦਾ ਬੇਟਾ ਭਜਾ ਕੇ ਲਿਆਇਆ ਸੀ ਅਤੇ 5 ਮਹੀਨਿਆਂ ਤੋਂ ਉਨ੍ਹਾਂ ਦੇ ਘਰ ਰਹਿ ਰਹੀ ਸੀ। ਜਦ ਪੁਲੀਸ ਉਨ੍ਹਾਂ ਦੇ ਪਿੰਡ ਪੁੱਜੀ ਸੀ ਤਾਂ ਉਸ ਵੇਲੇ ਲੜਕੀ ਦੇ ਤਾਏ ਦਾ ਲੜਕਾ ਰੋਸ਼ਨ ਵੀ ਨਾਲ ਸੀ ਤੇ ਰੋਸ਼ਨ ਨੇ ਉਸ ਦੇ ਬੇਟੇ ਨੂੰ ਧਮਕੀ ਵੀ ਦਿੱਤੀ ਸੀ।
ਮਾਮਲੇ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਹੋਵੇਗੀ: ਡੀਐੱਸਪੀ
ਇਸ ਮਾਮਲੇ ਸਬੰਧੀ ਡੀਐੱਸਪੀ ਸਿਟੀ ਰਾਜਿੰਦਰ ਮਨਹਾਸ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਸੀਜੀਐੱਮ ਵਲੋਂ ਕੀਤੀ ਜਾ ਰਹੀ ਹੈ ਅਤੇ ਜੋ ਵੀ ਰਿਪੋਰਟ ਆਏਗੀ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।