ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 19 ਮਈ
ਪਿੰਡ ਝੰਜੀਆਂ ਵਿੱਚ ਇੱਕ ਲੜਕੇ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਚਾਚਾ ਸੁੱਚਾ ਸਿੰਘ, ਭਰਾ ਰਾਜਪਾਲ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਜੀਤ ਸਿੰਘ (16) ਪੁੱਤਰ ਜਸਵੰਤ ਸਿੰਘ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੇ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਮ੍ਰਿਤਕ ਦੀ ਮਾਤਾ ਦਿਮਾਗੀ ਤੌਰ ’ਤੇ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੇ ਦੇ ਪਰਿਵਾਰ ਦਾ ਨਾਨਕੇ ਪਰਿਵਾਰ ਨਾਲ ਕੋਈ ਬੋਲਚਾਲ ਨਹੀਂ ਹੈ ਅਤੇ ਉਹ ਲੜਕੇ ਦੀ ਮੌਤ ਬਾਰੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਮ੍ਰਿਤਕ ਲੜਕੇ ਦੇ ਮਾਮਾ ਸੁਰਜੀਤ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਭਾਣਸੇ ਦਾ ਕਤਲ ਕੀਤਾ ਗਿਆ ਹੈ। ਇਸ ਮੌਕੇ ਥਾਣਾ ਫਤਿਹਗੜ੍ਹ ਚੂੜੀਆਂ ਦੇ ਐੱਸਐੱਚਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਿੰਡ ਝੰਜੀਆਂ ਦੇ ਲੜਕੇ ਰਣਜੀਤ ਸਿੰਘ (16ਸਾਲ) ਨੇ ਰੱਸੀ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੇ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਵਾਸਤੇ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।