ਖੰਡ ਮਿੱਲ ਮਾਮਲਾ: ਿਕਸਾਨ ਜਥੇਬੰਦੀਆਂ ਦਾ ਇਕੱਠ
ਸ਼ੇਰੋਂ ਖੰਡ ਮਿੱਲ ਚਲਾਉਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਦਾ ਵਾਅਦਾ ਪੂੁਰਾ ਕਰਨ ਦੀ ਮੰਗ; ਛੇ ਮਾਰਚ ਤੱਕ ਮੀਟਿੰਗ ਨਾ ਹੋਣ ’ਤੇ ਮੁਡ਼ ਸੰਘਰਸ਼ ਦੀ ਚਿਤਾਵਨੀ
ਸੰਯੁਕਤ ਕਿਸਾਨ ਮੋਰਚਾ (ਐੱਸ ਕੇ ਐੱਮ) ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਸਹਿਕਾਰੀ ਖੰਡ ਮਿੱਲ ਸ਼ੇਰੋਂ ਮੁੜ ਚਾਲੂ ਕਰਾਉਣ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ 6 ਮਾਰਚ ਤੋਂ ਪਹਿਲਾਂ ਮੀਟਿੰਗ ਕਰਾਉਣ ਸਬੰਧੀ ਦਿੱਤਾ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ ਹੈ।
ਮੋਰਚਾ ਦੇ ਆਗੂ ਬਲਕਾਰ ਸਿੰਘ ਵਲਟੋਹਾ, ਦਵਿੰਦਰ ਸਿੰਘ ਗਰੇਵਾਲ, ਦਲਜੀਤ ਸਿੰਘ ਦਿਆਲਪੁਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਨਛੱਤਰ ਸਿੰਘ ਪੰਨੂੰ , ਨਰਭਿੰਦਰ ਪੱਧਰੀ ਅਤੇ ਹੋਰਨਾਂ ਨੇ ਅੱਜ ਇੱਥੇ ਕੀਤੇ ਇਕੱਠ ਵਿੱਚ ਮੀਟਿੰਗ ਸਬੰਧੀ ਵਾਅਦਾ ਪੂਰਾ ਕਰਨ ’ਤੇ ਜ਼ੋਰ ਦਿੱਤਾ। ਆਗੂਆਂ ਕਿਹਾ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਾਉਣ ਦੇ ਮਾਮਲੇ ਸਬੰਧੀ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਜਥੇਬੰਦੀਆਂ ਨਾਲ ਕੀਤੀ ਮੀਟਿੰਗ ਦੌਰਾਨ ਮਿੱਲ ਨੂੰ ਫਿਰ ਤੋਂ ਚਾਲੂ ਕਰਾਉਣ ਸਬੰਧੀ ਭਰੋਸਾ ਦਿੱਤਾ ਸੀ ਕਿ ਉਹ ਇਸ ਬਾਰੇ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਛੇਤੀ ਗੱਲਬਾਤ ਕਰਾਉਣਗੇ। ਆਗੂਆਂ ਕਿਹਾ ਕਿ 6 ਮਾਰਚ ਤੱਕ ਗੱਲ ਨਾ ਕਰਾਉਣ ਤੇ ਜਥੇਬੰਦੀਆਂ ਆਪਣਾ ਸੰਘਰਸ਼ ਫਿਰ ਤੋਂ ਚਾਲੂ ਕਰਨ ਲਈ ਮਜਬੂਰ ਹੋਣਗੀਆਂ।
ਉਨ੍ਹਾਂ ਕਿਹਾ ਕਿ ਜਥੇਬੰਦੀਆਂ ਮੰਗ ਕਰਦੀਆਂ ਹਨ ਕਿ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਬਿਨਾਂ ਦੇਰੀ ਫਿਰ ਤੋਂ ਚਾਲੂ ਕਰਾਇਆ ਜਾਵੇ ਜਿਸ ਨਾਲ ਜਿੱਥੇ ਇਲਾਕੇ ਅੰਦਰ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਘੱਟ ਪਾਣੀ ਖਪਤ ਕਰਨ ਵਾਲੀ ਗੰਨਾ ਫਸਲ ਵੱਲ ਬੀਜਣ ਵੱਲ ਪ੍ਰੇਰਿਤ ਕੀਤਾ ਜਾ ਸਕੇਗਾ। ਜਥੇਬੰਦੀਆਂ ਚਿਤਾਵਨੀ ਦਿੱਤੀ ਹੈ ਕਿ ਮੁੱਖ ਮੰਤਰੀ ਨਾਲ ਗੱਲ ਨਾ ਕਰਾਉਣ ਤੇ ਜਥੇਬੰਦੀਆਂ 6 ਮਾਰਚ ਤੋਂ ਬਾਅਦ ਸੰਘਰਸ਼ ਤੇਜ਼ ਕਰਨਗੀਆਂ।

