Student Lathi Charge: ਕੇਂਦਰ ਅਤੇ ਰਾਜ ਸਰਕਾਰ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ
ਦਿੱਲੀ ਲਾਠੀਚਾਰਜ ਦੀ ਨਿਖੇਧੀ; ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਮੰਗਿਆ
ਇੱਥੇ ਮਹਾਰਾਣਾ ਪ੍ਰਤਾਪ ਚੌਕ ’ਤੇ ਸਿਵਲ ਸੁਸਾਇਟੀ ਤਲਵਾੜਾ ਨੇ ਦਿੱਲੀ ਅਤੇ ਪੰਜਾਬ ’ਚ ਸੰਘਰਸ਼ ਕਰਦੇ ਵਿਦਿਆਰਥੀਆਂ ਕਰਮਚਾਰੀਆਂ ’ਤੇ ਲਾਠੀਚਾਰਜ ਦੇ ਵਿਰੋਧ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਦਾ ਵਰ੍ਹਦੇ ਮੀਂਹ ’ਚ ਪੁਤਲਾ ਫੂਕ ਮੁਜ਼ਾਹਰਾ ਕੀਤਾ। ਮੁਜ਼ਾਹਰੇ ਦੀ ਅਗਵਾਈ ਪ੍ਰਧਾਨ ਬੋਧਰਾਜ ਅਤੇ ਸ਼ਿਵ ਕੁਮਾਰ ਅਮਰੋਹੀ ਨੇ ਕੀਤੀ। ਬੁਲਾਰਿਆਂ ਨੇ ਦਿੱਲੀ ਦੇ ਜੰਤਰ ਮੰਤਰ ’ਤੇ ਨੀਟ ਪੇਪਰ ਲੀਕ ਮਾਮਲੇ ’ਚ ਧਰਨੇ ਉੱਤੇ ਬੈਠੇ ਵਿਦਿਆਰਥੀਆਂ ਅਤੇ ਵਾਤਾਵਰਨ ਕਾਰਕੁਨ ਤੇ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁਕ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਪੰਜਾਬ ਸਰਕਾਰ ਅਤੇ ਉਸਦੇ ਮੰਤਰੀਆਂ ਵਿਧਾਇਕਾਂ ਦੇ ਦੋਹਰੇ ਕਿਰਦਾਰ ’ਤੇ ਤਨਜ਼ ਕੱਸਦਿਆਂ ਸਾਬਕਾ ਸਰਪੰਚ ਨਵਲ ਕਿਸ਼ੋਰ ਮਹਿਤਾ, ਸਵਿਤਾ ਸ਼ਰਮਾ, ਜਸਵੀਰ ਤਲਵਾੜਾ, ਰਾਜੀਵ ਸ਼ਰਮਾ, ਵਰਿੰਦਰ ਵਿੱਕੀ, ਸੁਨੀਤਾ ਦੇਵੀ, ਸ਼ਾਮ ਲਾਲ, ਕੁੰਦਨ ਸਿੰਘ, ਯੁਗਰਾਜ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਵੀ ਕੇਂਦਰ ਸਰਕਾਰ ਦੀ ਤਰਜ ’ਤੇ ਸੰਘਰਸ਼ ਕਰਦੀਆਂ ਧਿਰਾਂ ਦੀ ਗੱਲ ਸੁਣਨ ਤੋਂ ਆਕੀ ਹੈ। ਮਗਰੋਂ ਮੁਜ਼ਾਹਰਾਕਾਰੀਆਂ ਨੇ ਮਹਾਰਾਣਾ ਪ੍ਰਤਾਪ ਚੌਕ ’ਤੇ ਪੰਜਾਬ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਦਿਲੀ ਦੇ ਜੰਤਰ-ਮੰਤਰ ਵਿੱਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰ ਰਹੇ ਵਿਦਿਆਰਥੀਆਂ ’ਤੇ ਕੀਤੇ ਲਾਠੀਚਾਰਜ ਖਿਲਾਫ ਸ਼ਹਿਰ ਦੀਆ ਵੱਖ-ਵੱਖ ਜਨਤਕ ਜਥੇਬੰਦੀਆਂ ਵਲੋ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਮੁਕੇਸ਼ ਕੁਮਾਰ, ਬਲਜੀਤ ਸਿੰਘ ਧਰਮਕੋਟ, ਜੋਗਿੰਦਰ ਸਿੰਘ , ਦਰਸ਼ਨ ਸਿੰਘ ਮੱਟੂ, ਪ੍ਰਿੰਸੀਪਲ ਬਿੱਕਰ ਸਿੰਘ, ਇੰਦਰਜੀਤ ਕੌਰ,ਵਿਨੇ ਕੁਮਾਰ,ਜਸਵਿੰਦਰ ਸਿੰਘ ਨੇ ਕੇਂਦਰ ਸਰਕਾਰ ’ਤੇ ਸੱਚ ਨੂੰ ਦਬਾਉਣ ਦਾ ਦੋਸ਼ ਲਾਇਆ।
ਵਿਦਿਆਰਥੀਆਂ ਦੇ ਭਵਿੱਖ ਨਾਲ ਮੋਦੀ ਸਰਕਾਰ ਖਿਲਵਾੜ ਕਰ ਰਹੀ: ਬਸਪਾ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ ਨੇ ਦਿੱਲੀ ਪੁਲੀਸ ਵੱਲੋਂ ਵਿਦਿਆਰਥੀਆਂ ’ਤੇ ਕੀਤੇ ਲਾਠੀਚਾਰਜ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੀਟ ਪੇਪਰ ਲੀਕ ਮਾਮਲੇ ਅਤੇ ਸਿੱਖਿਆ ਪ੍ਰਣਾਲੀ ਦੀ ਬੇਹੱਦ ਮਾੜੀ ਕਾਰਗੁਜ਼ਾਰੀ ’ਤੇ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ। ਵਿਦਿਆਰਥੀਆਂ ਦੀ ਮੰਗ ’ਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫਾ ਲੈਣ ਦੇ ਉਲਟ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਹੀ ਤਸ਼ਦੱਦ ਕੀਤਾ ਜਾ ਰਿਹਾ ਹੈ ।

