ਛੇ ਮਹੀਨਿਆਂ ’ਚ ਤਿਆਰ ਹੋਣਗੇ ਸਟੀਲ ਦੇ ਸ਼ੈੱਡ: ਈ ਟੀ ਓ
ਜੰਡਿਆਲਾ ਗੁਰੂ ਦਾਣਾ ਮੰਡੀ ’ਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ
Advertisement
ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਅੱਜ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ 11.70 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਜੰਡਿਆਲਾ ਗੁਰੂ ਦਾਣਾ ਮੰਡੀ ਵਿੱਚ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਤਿੰਨ ਸਟੀਲ ਕਵਰ ਸ਼ੈੱਡ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ ਸ਼ੈੱਡ ਛੇ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਇਸ ਤੋਂ ਪਹਿਲਾਂ ਵੀ ਇਸ ਮੰਡੀ ਵਿੱਚ ਇਕ ਸਟੀਲ ਸ਼ੈੱਡ ਦਾ ਨਿਰਮਾਣ ਕੀਤਾ ਗਿਆ ਸੀ, ਜਿਸ ’ਤੇ 92 ਲੱਖ ਰੁਪਏ ਦੀ ਲਾਗਤ ਆਈ ਸੀ।
ਇਸ ਉਪਰੰਤ ਈ ਟੀ ਓ ਨੇ ਜੰਡਿਆਲਾ ਗੁਰੂ ਵਿੱਚ ਰੇਲਵੇ ਰੋਡ ’ਤੇ ਪਨਸਪ ਦੇ ਗੁਦਾਮ ਨੰਬਰ 1,2,3,4 ਦੀ ਨਵੀਂ ਉਸਾਰੀ ਅਤੇ ਗੁਦਾਮ ਨੰਬਰ 5 ਦੀ ਮੇਜਰ ਰਿਪੇਅਰ, ਸੜ੍ਹਕ, ਸੀਵਰੇਜ ਅਤੇ ਚਾਰਦਿਵਾਰੀ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਇਸ ਕੰਮ ’ਤੇ ਤਕਰੀਬਨ 8 ਕਰੋੜ 70 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਇਕ ਸਾਲ ਦੇ ਅੰਦਰ ਅੰਦਰ ਇਹ ਕੰਮ ਮੁਕੰਮਲ ਕੀਤਾ ਜਾਵੇਗਾ। ਇਸ ਮੌਕੇ ਸੁਨੀਲ ਪਾਸੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਚੇਅਰਮੈਨ ਸੁਬੇਦਾਰ ਛਨਾਖ ਸਿੰਘ, ਸੁਨੈਨਾ ਰੰਧਾਵਾ, ਸੁਰਜੀਤ ਸਿੰਘ ਕੰਗ, ਰਛਪਾਲ ਸਿੰਘ, ਬਲਾਕ ਪ੍ਰਧਾਨ ਸੁਖ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ, ਆੜ੍ਹਤੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।
Advertisement
Advertisement
