ਉੱਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਅਤੇ ਹੋਰ ਉੱਪਰਲੇ ਇਲਾਕਿਆਂ ਵਿੱਚ ਦੋ ਦਿਨ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰਾ ਪ੍ਰਬੰਧਕ ਟਰੱਸਟ ਦੇ ਵਾਲੰਟੀਅਰਾਂ ਨੇ ਬਰਫ਼ ਹਟਾਉਣ ਦਾ ਕੰਮ ਜਾਰੀ ਰੱਖਿਆ ਹੈ।
ਹਿਮਾਲਿਆ ਦੇ ਉੱਪਰਲੇ ਇਲਾਕਿਆਂ ਵਿੱਚ ਦੋ ਦਿਨ ਤੋਂ ਬਰਫਬਾਰੀ ਜਾਰੀ ਹੈ ਅਤੇ ਅਗਲੇ ਕੁਝ ਦਿਨ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਰਸਤੇ ਤੋਂ ਬਰਫ ਹਟਾ ਰਹੇ ਭਾਰਤੀ ਫੌਜ ਦੇ ਜਵਾਨਾਂ ਅਤੇ ਗੁਰਦੁਆਰੇ ਦੀ ਸੇਵਾਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਦੋ ਦਿਨ ਤੋਂ ਬਾਅਦ ਉਨ੍ਹਾਂ ਬਰਫ ਹਟਾਉਣ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ। ਇਸ ਵੇਲੇ ਫੌਜ ਦੇ ਜਵਾਨਾਂ ਅਤੇ ਸੇਵਾਦਾਰਾਂ ਨੇ ਘੰਗਰੀਆ ਸਥਿਤ ਗੁਰਦੁਆਰਾ ਗੋਬਿੰਦ ਧਾਮ ਨੂੰ ਬੇਸ ਕੈਂਪ ਬਣਾਇਆ ਹੈ।
ਗੁਰਦੁਆਰਾ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸਿਰਫ਼ ਡੇਢ ਕਿਲੋਮੀਟਰ ਦਾ ਰਾਹ ਜਲਦੀ ਸਾਫ ਹੋ ਜਾਵੇਗਾ ਅਤੇ ਮਗਰੋਂ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਆਲੇ ਦੁਆਲੇ ਬਰਫ ਵੀ ਹਟਾਈ ਜਾਵੇਗੀ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਪੂਰਾ ਰਸਤਾ ਯਾਤਰਾ ਤੋਂ ਪਹਿਲਾਂ ਸਾਫ਼ ਹੋ ਜਾਵੇਗਾ। ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 23 ਮਈ ਨੂੰ ਖੋਲ੍ਹੇ ਜਾਣਗੇ। ਯਾਤਰੂਆਂ ਦਾ ਪਹਿਲਾ ਜਥਾ 20 ਮਈ ਨੂੰ ਰਿਸ਼ੀਕੇਸ਼ ਤੋਂ ਰਵਾਨਾ ਹੋਵੇਗਾ।

