ਸਮਾਰਟ ਸਕੂਲ ਡੱਲ ’ਚ ਰੁੱਖ ਵੱਢਣ ਦਾ ਮਾਮਲਾ ਭਖਿਆ
ਪੰਚਾਇਤ ਕੋਲ ਰੁੱਖ ਵੱਢਣ ਦਾ ਅਧਿਕਾਰ ਨਹੀਂ: ਡੀ ਈ ਓ; ਮਨਜ਼ੂਰੀ ਲਈ ਪੱਤਰ ਨਹੀਂ ਮਿਲਿਆ: ਵਣ ਅਧਿਕਾਰੀ
ਸਰਕਾਰੀ ਹਾਈ ਸਮਾਰਟ ਸਕੂਲ ਡੱਲ ਵਿੱਚ ਕਥਿਤ ਤੌਰ ‘ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਰੁੱਖ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਕੂਲ ਵਿੱਚ ਰੁੱਖ ਵੱਢ ਕੇ ਨਵੇਂ ਕਮਰੇ ਉਸਾਰੇ ਜਾ ਰਹੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਸਤਨਾਮ ਸਿੰਘ ਬਾਠ ਗ੍ਰਾਮ ਪੰਚਾਇਤ ਕੋਲ ਰੁੱਖ ਵੱਢਣ ਦਾ ਕੋਈ ਵੀ ਅਧਿਕਾਰ ਨਹੀਂ ਹੈ। ਡੀ ਈ ਓ ਦਾ ਕਹਿਣਾ ਸੀ ਕਿ ਮਾਮਲੇ ਦੀ ਪੜਤਾਲ ਕਰਕੇ ਤੱਥਾਂ ਦੇ ਆਧਾਰ ‘ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮਾਮਲੇ ਸਬੰਧੀ ਵਣ ਵਿਭਾਗ ਦੇ ਅਧਿਕਾਰੀ ਰਵਿੰਦਰ ਕੁਮਾਰ ਨੇ ਕਿਹਾ ਕਿ ਉਕਤ ਸਕੂਲ ਵੱਲੋਂ ਰੁੱਖ ਵੱਢਣ ਦੀ ਮਨਜ਼ੂਰੀ ਲਈ ਉਨ੍ਹਾਂ ਨੂੰ ਕੋਈ ਵੀ ਪੱਤਰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਲਈ ਪੰਜ ਮੈਂਬਰੀ ਕਮੇਟੀ ਬਣਾਉਣੀ ਹੁੰਦੀ ਹੈ। ਕਮੇਟੀ ਵੱਢੇ ਜਾਣ ਵਾਲੇ ਰੁੱਖਾਂ ਦੀ ਕੀਮਤ ਤੈਅ ਕਰਕੇ ਟੈਂਡਰ ਜਾਰੀ ਕਰਦੀ ਹੈ, ਜਿਸ ਤੋਂ ਬਾਅਦ ਹੀ ਰੁੱਖਾਂ ਨੂੰ ਵੱਢਿਆ ਜਾ ਸਕਦਾ ਹੈ।
ਦੂਜੇ ਪਾਸੇ ਐੱਸ ਡੀ ਐੱਮ ਭਿੱਖੀਵਿੰਡ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਮਾਮਲੇ ਦੀ ਕੋਈ ਵੀ ਜਾਣਕਾਰੀ ਨਹੀਂ ਹੈ। ਜੇਕਰ ਸਕੂਲ ਨੇ ਬਿਨਾਂ ਮਨਜ਼ੂਰੀ ਤੋਂ ਰੁੱਖ ਵਢਾਏ ਹਨ ਤਾਂ ਸਬੰਧਤ ਬੀ ਡੀ ਪੀ ਓ ਤੋਂ ਰਿਪੋਰਟ ਮੰਗਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਚਾਇਤ ਵੱਲੋਂ ਮਤਾ ਪਾਉਣ ਮਗਰੋਂ ਰੁੱਖ ਵੱਢੇ: ਸਰਪੰਚ
ਪਿੰਡ ਡੱਲ ਦੇ ਸਰਪੰਚ ਗੁਰਪ੍ਰੀਤ ਸਿੰਘ ਉਰਫ਼ ਗੋਪਾ ਨੇ ਕਿਹਾ ਕਿ ਸਕੂਲ ਨੂੰ ਨਵੇਂ ਕਮਰਿਆਂ ਦੀ ਉਸਾਰੀ ਲਈ ਗ੍ਰਾਂਟ ਜਾਰੀ ਹੋਈ ਹੈ ਅਤੇ ਜਿੱਥੇ ਕਮਰੇ ਉਸਾਰੇ ਜਾਣੇ ਹਨ ਉੱਥੇ ਰੁੱਖ ਲੱਗੇ ਹੋਏ ਹਨ। ਇਸ ਤੋਂ ਇਲਾਵਾ ਨਵੇਂ ਕਮਰਿਆਂ ਉੱਪਰ ਸਰਕਾਰ ਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਿਕ ਸੋਲਰ ਪੈਨਲ ਲਗਾਉਣੇ ਜ਼ਰੂਰੀ ਹਨ ਤੇ ਇਹ ਰੁੱਖ ਸੋਲਰ ਪੈਨਲਾਂ ‘ਤੇ ਪੈਣ ਵਾਲੀ ਧੁੱਪ ’ਚ ਅੜਿੱਕਾ ਪਾਉਂਦੇ ਸਨ, ਜਿਸ ਕਰ ਕੇ ਮਜਬੂਰੀਵੱਸ ਰੁੱਖ ਵੱਢਣੇ ਪਏ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਮਤਾ ਪਾ ਕੇ ਰੁੱਖ ਵੱਢੇ ਗਏ ਹਨ।

