ਸਿੱਖ ਪਰਿਵਾਰ ਦੇ ਘਰ ਦੀਆਂ ਕੰਧਾਂ ’ਤੇ ਗੈਰ-ਸਿੱਖ ਧਰਮ ਦੇ ਸਲੋਗਨ ਲਿਖੇ

ਸਿੱਖ ਪਰਿਵਾਰ ਦੇ ਘਰ ਦੀਆਂ ਕੰਧਾਂ ’ਤੇ ਗੈਰ-ਸਿੱਖ ਧਰਮ ਦੇ ਸਲੋਗਨ ਲਿਖੇ

ਕਸ਼ਮੀਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਧਰਮ ਪ੍ਰਚਾਰ ਕਮੇਟੀ ਦੇ ਆਗੂਆਂ ਨਾਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ।

ਤੇਜਿੰਦਰ ਸਿੰਘ
ਚੋਹਲਾ ਸਾਹਿਬ, 10 ਅਗਸਤ

ਪਿੰਡ ਬਿੱਲਿਆਂ ਵਾਲਾ ਦੇ ਬੱਸ ਸਟੈਂਡ ਤੇ ਸ਼ਮਸ਼ਾਨਘਾਟ ਅਤੇ ਬੱਸ ਸਟੈਂਡ ਦੇ ਸਾਹਮਣੇ ਬਣੇ ਇੱਕ ਘਰ ਦੀ ਚਾਰਦੀਵਾਰੀ ਉੱਪਰ ਈਸਾਈ ਧਰਮ ਨਾਲ ਸਬੰਧਤ ਲਿਖੇ ਗਏ ਸ਼ਬਦਾਂ ਕਾਰਨ ਪਿੰਡ ਵਾਸੀਆਂ ਅਤੇ ਪਰਿਵਾਰ ਮੈਂਬਰਾਂ ਵਿੱਚ ਰੋਸ ਹੈ।

ਇਸ ਮੌਕੇ ਕਸ਼ਮੀਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਸਵੇਰੇ ਤੜਕਸਾਰ ਢਾਈ ਵਜੇ ਕਿਸੇ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਦੀ ਕੋਠੀ ਦੀ ਚਾਰਦੀਵਾਰੀ ਉੱਪਰ ਇਸਾਈ ਧਰਮ ਨਾਲ ਸਬੰਧਤ ਸ਼ਬਦ ਲਿਖ ਦਿੱਤੇ। ਕਸ਼ਮੀਰ ਸਿੰਘ ਤੇ ਜਰਨੈਲ ਸਿੰਘ ਨੇ ਕਿਹਾ ਕਿ ਉਹ ਸਿੱਖ ਧਰਮ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਧਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੇ ਪੀ ਏ ਨੇ ਕਿਹਾ ਕਿ ਉਹ ਉਨ੍ਹਾਂ ਸ਼ਬਦਾਂ ਨੂੰ ਮਿਟਾ ਦੇਣ, ਜਿਸ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨਾਲ ਕੋਈ ਇਨਸਾਫ਼ ਨਾ ਹੋਇਆ ਤਾਂ ਉਨ੍ਹਾਂ ਨੂੰ ਮਜਬੂਰਨ ਸਿੱਖ ਧਰਮ ਛੱਡ ਕੇ ਇਸਾਈ ਧਰਮ ਵਿੱਚ ਪ੍ਰਵੇਸ਼ ਕਰਨਾ ਪਵੇਗਾ। ਦੇਰ ਸ਼ਾਮ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਸਬੀਰ ਸਿੰਘ , ਗੁਰਪਿੰਦਰ ਸਿੰਘ ਪ੍ਰਚਾਰਕ, ਲਖਮੀਰ ਸਿੰਘ ਕੱਕਾ ਕੰਡਿਆਲਾ ਪ੍ਰਚਾਰਕ, ਗੁਰਸੇਵਕ ਸਿੰਘ ਪ੍ਰਚਾਰਕ ਅਤੇ ਲਖਵਿੰਦਰ ਸਿੰਘ ਦਰਦੀ, ਜਸਵਿੰਦਰ ਸਿੰਘ ਕਵੀਸ਼ਰ ਗੋਇੰਦਵਾਲ ਸਾਹਿਬ, ਰਣਜੀਤ ਸਿੰਘ ਸਤਿਕਾਰ ਕਮੇਟੀ ਪ੍ਰਧਾਨ ਭਿੱਖੀਵਿੰਡ, ਸੁਖਪਾਲ ਸਿੰਘ ਸਤਿਕਾਰ ਕਮੇਟੀ ਮੈਂਬਰ ਅਲਗੋਂ ਕੋਠੀ ਆਦਿ ਨੇ ਕਸ਼ਮੀਰ ਸਿੰਘ ਦੇ ਪਰਿਵਾਰ ਨੂੰ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਦਿਲਾਂ ਅੰਦਰ ਧਰਮ ਪਰਿਵਰਤਨ ਕਰਨ ਦੀ ਸੋਚ ਨੂੰ ਉਹ ਆਪਣੇ ਮਨਾਂ ਵਿੱਚੋਂ ਕੱਢ ਦੇਣ। ਉਨ੍ਹਾਂ ਕਿਹਾ ਕਿ ਇਹ ਲੜਾਈ ਹੁਣ ਉਨ੍ਹਾਂ ਦੇ ਪਰਿਵਾਰ ਦੀ ਨਹੀਂ ਬਲਕਿ ਧਰਮ ਪ੍ਰਚਾਰ ਕਮੇਟੀ ਦੀ ਹੈ। ਉਨ੍ਹਾਂ ਥਾਣਾ ਸਰਹਾਲੀ ਦੇ ਐੱਸਐੱਚਓ ਨਾਲ ਗੱਲਬਾਤ ਕਰ ਕੇ ਉਸ ਅਣਪਛਾਤੇ ਵਿਅਕਤੀ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਜਲਦੀ ਹੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਵਿੱਢਿਆ ਜਾਵੇਗਾ।

ਜਦੋਂ ਮੀਡੀਆ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਪੀਏ ਨਾਲ ਗੱਲਬਾਤ ਕੀਤੀ ਤਾਂ ਉਹ ਇਸ ਗੱਲ ਤੋਂ ਮੁਨਕਰ ਹੋ ਗਏ ਕਿ ਉਨ੍ਹਾਂ ਇਨ੍ਹਾਂ ਸ਼ਬਦਾਂ ਨੂੰ ਮਿਟਾਉਣ ਲਈ ਕੋਈ ਵੀ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਹੈੱਡ ਪ੍ਰਚਾਰਕ ਅਤੇ ਹੋਰ ਆਗੂ ਜਲਦੀ ਹੀ ਪਰਿਵਾਰ ਕੋਲ ਪਹੁੰਚ ਕੇ ਇਸ ਮਸਲੇ ਬਾਰੇ ਗੱਲਬਾਤ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All