ਪੱਤਰ ਪ੍ਰੇਰਕ
ਅੰਮ੍ਰਿਤਸਰ, 26 ਫਰਵਰੀ
6ਵਾਂ ਅੰਮ੍ਰਿਤਸਰ ਸਾਹਿਤ ਉਤਸਵ ਅੱਜ ਪ੍ਰਭਾਵਸ਼ਾਲੀ ਕਵੀ-ਦਰਬਾਰ ‘ਚੜ੍ਹਿਆ ਬਸੰਤ’ ਨਾਲ ਸਮਾਪਤ ਹੋਇਆ, ਜਿਸ ਵਿੱਚ ਪੰਜਾਬੀ ਅਤੇ ਪੰਜਾਬੀ ਦੀਆਂ ਉਪ-ਬੋਲੀਆਂ ਦੇ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਸ੍ਰੋਤਿਆਂ ਨੂੰ ਝੂਮਣ ਲਾ ਦਿੱਤਾ। ਬਸੰਤ ਰੁੱਤ ਨੂੰ ਮੁੱਖ ਰੱਖਦਿਆਂ ਬਸੰਤ ਰਾਗ ਦਾ ਗਾਇਨ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਮਲਕੀਤ ਸਿੰਘ ਨੇ ਕੀਤਾ, ਜਿਸ ਵਿੱਚ ਉਨ੍ਹਾਂ ਦਾ ਤਬਲੇ ਉੱਤੇ ਸਾਥ ਉਸਤਾਦ ਕਾਲੇ ਖਾਂ ਨੇ ਦਿੱਤਾ। ਨਾਦ ਮਿਊਜ਼ਿਕ ਇੰਸਟੀਊਟ ਸਿਆਟਲ ਦੇ ਸਹਿਯੋਗ ਨਾਲ ਨੇਪਰੇ ਚੜ੍ਹੇ ‘ਚੜ੍ਹਿਆ ਬਸੰਤ’ ਕਵੀ ਦਰਬਾਰ ਦਾ ਉਦਘਾਟਨ ਖਾਲਸਾ ਕਾਲਜ ਫਾਰ ਵਿਮਨ ਦੀ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕੀਤਾ। ਪੰਜਾਬੀ ਦੇ 19 ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਨਾਂ ਵਿੱਚ ਪ੍ਰਕਾਸ਼ ਪ੍ਰਭਾਕਰ, ਸੁਆਮੀ ਅੰਤਰ ਨੀਰਵ, ਰੇਣੂ ਨਈਅਰ, ਅਜੀਤਪਾਲ ਜਟਾਣਾ, ਸੁਰਿੰਦਰ ਸਿੰਘ, ਰਾਜੇਸ਼ ਮੋਹਨ, ਕਰਨਜੀਤ, ਜਸਵਿੰਦਰ ਸਿੰਘ, ਗੁਰਪ੍ਰੀਤ ਬੋੜਾਵਾਲ, ਸਵਰਨਜੀਤ ਸਵੀ, ਸਿਮਰਤ ਸੁਮੈਰਾ ਆਦਿ ਸ਼ਾਮਿਲ ਸਨ। ਸੰਸਥਾ ਨਾਦ ਪ੍ਰਗਾਸੁ ਵੱਲੋਂ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਹਰ ਸਾਲ ਦਿੱਤਾ ਜਾਂਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਪੰਜਾਬੀ ਕਾਵਿ-ਜਗਤ ਦੀ ਪ੍ਰਮੁੱਖ ਕਵਿੱਤਰੀ ਮਨਜੀਤ ਇੰਦਰਾ ਨੂੰ ਦਿੱਤਾ ਗਿਆ, ਕਵੀ ਦਰਬਾਰ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕਰਨੀ ਸੀ, ਪਰ ਉਹ ਕਿਸੇ ਕਾਰਨ ਵੱਸ ਨਹੀਂ ਪਹੁੰਚ ਸਕੇ । ਉਨ੍ਹਾਂ ਦੀ ਗੈਰ-ਹਾਜ਼ਰੀ ਵਿੱਚ ‘ਚੜ੍ਹਿਆ ਬਸੰਤ’ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਦੇ ਕਵੀ ਵਿਜੇ ਵਿਵੇਕ ਨੇ ਕੀਤੀ।