ਸਿੱਖ ਜਥੇਬੰਦੀਆਂ ਵੱਲੋਂ ਫਿਲਮ ‘ਸਤਲੁਜ’ ਉੱਤੇ ਪਾਬੰਦੀ ਦਾ ਸਖ਼ਤ ਵਿਰੋਧ
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਸਤਲੁਜ’ ਜਿਸ ਵਿੱਚ ਦਿਲਜੀਤ ਦੋਸਾਂਝ ਵੱਲੋਂ ਕੰਮ ਕੀਤਾ ਗਿਆ ਹੈ, ’ਤੇ ਪਾਬੰਦੀ ਲਾਏ ਜਾਣ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਗਿਆ। ਦਲ ਖਾਲਸਾ ਦੇ ਕੰਵਰ ਪਾਲ ਸਿੰਘ...
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਸਤਲੁਜ’ ਜਿਸ ਵਿੱਚ ਦਿਲਜੀਤ ਦੋਸਾਂਝ ਵੱਲੋਂ ਕੰਮ ਕੀਤਾ ਗਿਆ ਹੈ, ’ਤੇ ਪਾਬੰਦੀ ਲਾਏ ਜਾਣ ਦਾ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਸਖਤ ਵਿਰੋਧ ਕੀਤਾ ਗਿਆ। ਦਲ ਖਾਲਸਾ ਦੇ ਕੰਵਰ ਪਾਲ ਸਿੰਘ ਨੇ ਸਰਕਾਰ ਤੇ ਇਸ ਸਬੰਧੀ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਆਖਿਆ ਕਿ ਇਸ ਨਾਲ 1980-90 ਦੇ ਦਹਾਕੇ ਵਿੱਚ ਕੀਤੇ ਗਏ ਪੁਲੀਸ ਅੱਤਿਆਚਾਰ ਦੀਆਂ ਯਾਦਾਂ ਮਿਟ ਨਹੀਂ ਸਕਦੀਆਂ।
ਜਥੇਬੰਦੀ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਪਿਛਲੇ 72 ਘੰਟਿਆਂ ਦੌਰਾਨ ਇਹ ਫਿਲਮ ਪੰਜਾਬ ਦੇ ਹਰ ਸਿੱਖ ਦੇ ਘਰ ਵਿੱਚ ਪਹੁੰਚ ਚੁੱਕੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਜਦੋਂ ਉਸ ਨੂੰ 1989 ਵਿੱਚ ਅੰਮ੍ਰਿਤਸਰ ਦੇ ਬੀ ਆਰ ਮਾਡਰਨ ਸਕੂਲ ਵਿੱਚ ਸੀ ਆਈ ਏ ਸਟਾਫ ਵਿੱਚ ਰੱਖਿਆ ਗਿਆ ਸੀ, ਤਾਂ ਇੱਕ ਮਾਂ ਨੂੰ ਆਪਣੇ ਨਜ਼ਰਬੰਦ ਪੁੱਤਰ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਗਿਆ ਸੀ, ਜਿਸ ਨੂੰ ਛੱਤ ਨਾਲ ਨੰਗਾ ਟੰਗਿਆ ਹੋਇਆ ਸੀ। ਪੁਲੀਸ ਨੇ ਉਸ ਦੇ ਪੁੱਤਰ ਦੇ ਸਾਹਮਣੇ ਮਾਂ ਦੇ ਕੱਪੜੇ ਉਤਾਰ ਦਿੱਤੇ। ਉਸ ਨੇ ਇਹ ਸੀਨ ਆਪਣੀ ਕੋਠੜੀ ਦੀ ਖਿੜਕੀ ਵਿੱਚੋਂ ਦੇਖਿਆ ਸੀ ਜੋ ਅੱਜ ਤੱਕ ਉਨ੍ਹਾਂ ਨੂੰ ਝੰਜੋੜਦਾ ਰਿਹਾ ਹੈ ।
ਹਵਾਰਾ ਕਮੇਟੀ ਦੇ ਆਗੂ ਪ੍ਰੋ ਬਲਜਿੰਦਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਡਾ. ਸੁਖਦੇਵ ਸਿੰਘ ਬਾਬਾ ਅਤੇ ਬਲਦੇਵ ਸਿੰਘ ਨਵਾਂ ਪਿੰਡ ਨੇ ਕਿਹਾ ਕਿ ਸਰਕਾਰ ਕਸ਼ਮੀਰ ਫ਼ਾਈਲ ਅਤੇ ਕੇਰਲਾ ਫ਼ਾਈਲ ਵਰਗੀਆਂ ਫ਼ਿਲਮਾਂ ਨੂੰ ਉਤਸ਼ਾਹਿਤ ਕਰਦੀ ਰਹੀ ਹੈ ਪਰ ਸਿੱਖਾਂ ’ਤੇ ਹੋਏ ਅੱਤਿਆਚਾਰ ਨੂੰ ਲੋਕਾਂ ਦੇ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ। ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਵੱਲੋਂ ਬਿਨਾਂ ਕਿਸੇ ਕਾਰਨ ਘਰੋਂ ਚੁੱਕ ਕੇ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕਮੇਟੀ ਨੇ ਦੋਸ਼ ਲਗਾਇਆ ਪੰਜਾਬ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲ ਦਾ ਇਨਸਾਫ਼ ਤਾਂ ਸਿੱਖ ਕੌਮ ਨੂੰ ਮਿਲ ਨਹੀਂ ਸਕਿਆ ਪਰ ਉਨ੍ਹਾਂ ਤੇ ਹੋਏ ਜ਼ੁਲਮ ਨੂੰ ਵੀ ਸਰਕਾਰ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਡਰਦੀ ਹੈ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਅਤੇ ਦਿਹਾਤੀ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਅਧਾਰਿਤ ਬਣਾਈ ਫ਼ਿਲਮ ਭਾਰਤੀ ਹਕੂਮਤ/ਕਾਂਗਰਸ ਸਰਕਾਰ ਦੇ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਨੂੰ ਬਾਖ਼ੂਬੀ ਬਿਆਨ ਕਰਦੀ ਹੈ।
ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਭਾਈ ਖਾਲੜਾ ਦੀ ਫ਼ਿਲਮ ’ਤੇ ਲੱਗੀ ਮੁੜ ਪਾਬੰਦੀ ਉੱਤੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਸਿੱਖ ਵਿਰੋਧੀ ਨੀਤੀਆਂ ਇੱਕੋ ਜਿਹੀਆਂ ਹਨ। ਕਾਂਗਰਸ ਵੱਲੋਂ ਕੀਤੇ ਜ਼ੁਲਮਾਂ ਨੂੰ ਭਾਜਪਾ ਸਰਕਾਰ ਵੀ ਨਹੀਂ ਵਿਖਾਉਣਾ ਚਾਹੁੰਦੀ।
ਫ਼ਿਲਮ ਤੋਂ ਪਾਬੰਦੀ ਹਟਾਈ ਜਾਵੇ: ਧਾਲੀਵਾਲ
ਅੰਮ੍ਰਿਤਸਰ (ਨਿੱਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ (ਆਪ) ਨੇ ਮਨੁੱਖੀ ਅਧਿਕਾਰ ਕਾਰਕੁਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫਿਲਮ ‘ਸਤਲੁਜ’ ਨੂੰ ਓ ਟੀ ਟੀ ਪਲੇਟਫਾਰਮ ਤੋਂ ਹਟਾਏ ਜਾਣ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਅਤੇ ਇਸ ਫਿਲਮ ’ਤੇ ਲੱਗੀ ਰੋਕ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਸ੍ਰੀ ਧਾਲੀਵਾਲ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਫਿਲਮ ਪੰਜਾਬ ਦੇ ਉਸ ਦੁਖਾਂਤ ਅਤੇ ਕਾਲੇ ਦੌਰ ਦੀ ਸੱਚੀ ਕਹਾਣੀ ਹੈ, ਜਿਸ ਨੂੰ ਦਿੱਲੀ ਦੇ ਹਾਕਮ ਹਮੇਸ਼ਾ ਲਈ ਦਫ਼ਨ ਕਰ ਦੇਣਾ ਚਾਹੁੰਦੇ ਹਨ।
