ਸੂਏ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜਿਆ
ਪੰਜਾਬ ਸਿੰਜਾਈ ਵਿਭਾਗ ਵੱਲੋਂ ਖੇਤਾਂ ਦੀ ਸਿੰਜਾਈ ਲਈ ਬਣਾਇਆ ਗਿਆ ਸੂਆ ਚੈਨਲ ਨੰਬਰ ਤਿੰਨ ਜ਼ਿਆਦਾ ਪਾਣੀ ਆ ਜਾਣ ਨਾਲ ਓਵਰਫਲੋਅ ਹੋ ਗਿਆ ਅਤੇ ਪਿੰਡ ਬੜੋਈ ਦੇ ਮੁਹੱਲਾ ਜੋਗੀਆਂ ਵਿੱਚ ਦਾਖਲ ਹੋ ਗਿਆ। ਪਿੰਡ ਦੇ ਸਰਪੰਚ ਭਾਰਤ ਭੂਸ਼ਣ, ਪਵਨ ਕੁਮਾਰ, ਦੀਪਕ...
ਪੰਜਾਬ ਸਿੰਜਾਈ ਵਿਭਾਗ ਵੱਲੋਂ ਖੇਤਾਂ ਦੀ ਸਿੰਜਾਈ ਲਈ ਬਣਾਇਆ ਗਿਆ ਸੂਆ ਚੈਨਲ ਨੰਬਰ ਤਿੰਨ ਜ਼ਿਆਦਾ ਪਾਣੀ ਆ ਜਾਣ ਨਾਲ ਓਵਰਫਲੋਅ ਹੋ ਗਿਆ ਅਤੇ ਪਿੰਡ ਬੜੋਈ ਦੇ ਮੁਹੱਲਾ ਜੋਗੀਆਂ ਵਿੱਚ ਦਾਖਲ ਹੋ ਗਿਆ।
ਪਿੰਡ ਦੇ ਸਰਪੰਚ ਭਾਰਤ ਭੂਸ਼ਣ, ਪਵਨ ਕੁਮਾਰ, ਦੀਪਕ ਕੁਮਾਰ, ਜੋਗਿੰਦਰ ਪਾਲ, ਸੋਹਨ ਲਾਲ, ਵਰਿੰਦਰ ਸਿੰਘ, ਅਜੇ ਕੁਮਾਰ, ਵਿਸ਼ਾਲ ਕੁਮਾਰ, ਸੰਨੀ ਕੁਮਾਰ, ਜਤਿਨ ਰਾਮ, ਰਣਜੀਤ ਸਿੰਘ ਆਦਿ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਦੇ ਮੁਹੱਲੇ ਦੇ ਨਾਲ ਲੱਗਦੇ ਸੂਏ ਵਿੱਚ ਇੰਨਾ ਜ਼ਿਆਦਾ ਪਾਣੀ ਆ ਗਿਆ ਕਿ ਸਾਰੇ ਲੋਕ ਦੇਖ ਕੇ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਬਚਾਅ ਕਾਰਜਾਂ ਵਿੱਚ ਜੁਟ ਗਏ। ਉਨ੍ਹਾਂ ਨੇ ਪੰਜਾਬ ਸਿੰਜਾਈ ਵਿਭਾਗ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਪਾਣੀ ਘਰਾਂ ਵਿੱਚ ਦਾਖਲ ਹੋਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਖੇਤਾਂ ਵਿੱਚ ਲੱਗੀ ਹੋਈ ਝੋਨੇ ਦੀ ਫਸਲ ਵੀ ਖਰਾਬ ਹੋ ਗਈ। ਲੋਕਾਂ ਨੇ ਇਹ ਵੀ ਕਿਹਾ ਕਿ ਉਕਤ ਸੂਏ ਤੋਂ ਇੰਨਾ ਜ਼ਿਆਦਾ ਪਾਣੀ ਓਵਰਫਲੋਅ ਹੋਇਆ ਕਿ ਸ਼ਾਹਪੁਰਕੰਡੀ ਤੋਂ ਸੁਜਾਨਪੁਰ ਜਾਣ ਵਾਲੀ ਸੜਕ ਵੀ ਪਾਣੀ ਵਿੱਚ ਡੁੱਬ ਗਈ। ਲੋਕਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਦੂਸਰੇ ਪਾਸੇ ਸਿੰਜਾਈ ਵਿਭਾਗ ਯੂ ਬੀ ਡੀ ਸੀ ਮਾਧੋਪੁਰ ਦੇ ਐੱਸ ਡੀ ਓ ਰਾਜੀਵ ਕੁਮਾਰ ਨੇ ਦੱਸਿਆ ਕਿ ਜ਼ਿਆਦਾ ਬਾਰਸ਼ ਹੋ ਜਾਣ ਨਾਲ ਪਿੰਡ ਕਮਵਾਲ ਤੋਂ ਬੜੋਈ ਅਤੇ ਹੋਰ ਪਿੰਡਾਂ ਨੂੰ ਜਾਣ ਵਾਲੇ ਸੂਏ ਵਿੱਚ ਜ਼ਿਆਦਾ ਪਾਣੀ ਆ ਗਿਆ ਅਤੇ ਸੂਏ ਵਿੱਚੋਂ ਪਾਣੀ ਓਵਰਫਲੋਅ ਹੋ ਕੇ ਖੇਤਾਂ ਅਤੇ ਨਾਲ ਲੱਗਦੇ ਘਰਾਂ ’ਚ ਚਲਾ ਗਿਆ। ਉਨ੍ਹਾਂ ਕਿਹਾ ਕਿ ਵਿਭਾਗ ਸਰਵੇਖਣ ਕਰ ਰਿਹਾ ਹੈ ਅਤੇ ਉਹ ਸਥਿਤੀ ਦੀ ਪੂਰੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਰਹੇ ਹਨ।
