ਭਿੰਡੀ ਸੈਦਾ ’ਚ ਹਿੰਸਕ ਝੜਪ ਮਾਮਲੇ ਵਿੱਚ ਕਈ ਕਾਂਗਰਸੀ ਨਾਮਜ਼ਦ
ਝੜਪ ਵਿੱਚ ਦੋਵਾਂ ਧਿਰਾਂ ਦੇ ਕਈ ਵਿਅਕਤੀ ਕਥਿਤ ਤੌਰ ’ਤੇ ਜ਼ਖਮੀ ਹੋ ਗਏ। ਇਹ ਮਾਮਲਾ ਜਸਰੌਰ ਪਿੰਡ ਤੋਂ ਜ਼ਿਲ੍ਹਾ ਪਰਿਸ਼ਦ ਲਈ ਆਪ ਪਾਰਟੀ ਦੇ ਉਮੀਦਵਾਰ ਲਖਵਿੰਦਰ ਸਿੰਘ ਦੇ ਬਿਆਨ ’ਤੇ ਦਰਜ ਕੀਤਾ ਗਿਆ। ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਉਸ ਨੇ ਦੋਸ਼ ਲਗਾਇਆ ਕਿ ਉਹ ਅਤੇ ਉਸ ਦੇ ਸਾਥੀ ਕੱਲ੍ਹ ਸਵੇਰੇ ਆਪਣੇ ਸਮਰਥਕ ਬਿੱਲਾ ਸਿੰਘ ਦੇ ਘਰ ਜਾ ਰਹੇ ਸਨ ਤਾਂ ਹਥਿਆਰਬੰਦ ਵਿਅਕਤੀਆ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਉਸ ਨੇ ਦੋਸ਼ ਲਗਾਇਆ ਕਿ ਇਹ ਹਮਲਾ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਸੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨਾਲ ਜੁੜਿਆ ਹੋਇਆ। ਉਸ ਨੇ ਦੋਸ਼ ਲਗਾਇਆ ਕਿ ਇਹ ਸੁਰਜੀਤ ਸਿੰਘ ਦੇ ਸਾਥੀਆਂ ਦੇ ਸਮਰਥਨ ਅਤੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂਆਂ ਦੇ ਇਸ਼ਾਰੇ ’ਤੇ ਕੀਤਾ ਗਿਆ ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਸੁਰਜੀਤ ਸਿੰਘ (ਕਾਂਗਰਸੀ ਉਮੀਦਵਾਰ) ਦੇ ਸਾਥੀਆਂ ਜਿਨ੍ਹਾਂ ਵਿੱਚ ਸਤਨਾਮ ਸਿੰਘ, ਸੱਬਾ ਸਿੰਘ, ਸੋਨੂੰ ਸਿੰਘ, ਕੁਲਦੀਪ ਸਿੰਘ, ਜੱਸਾ ਸਿੰਘ, ਲੇਖ ਸਿੰਘ, ਹਰਮਨ ਸਿੰਘ, ਪੱਪੂ ਸਿੰਘ ਅਤੇ ਹੋਰ ਸ਼ਾਮਲ ਹਨ , ਨੇ ਹਮਲਾ ਕਰਨ ਦੇ ਇਰਾਦੇ ਨਾਲ ਉਨ੍ਹਾਂ ਦਾ ਰਸਤਾ ਰੋਕਿਆ। ਜਿਵੇਂ ਹੀ ਤਣਾਅ ਵਧਿਆ, ਪਿੰਡ ਦੇ ਸਰਪੰਚ ਸਤਨਾਮ ਸਿੰਘ ਨੇ ਕਥਿਤ ਤੌਰ 'ਤੇ ਮਾਰਨ ਦੇ ਇਰਾਦੇ ਨਾਲ ਗੋਲੀਆਂ ਚਲਾਈਆਂ ਜਿਸ ਨਾਲ ਗੋਪੀ ਸਿੰਘ ਅਤੇ ਭਜਨ ਸਿੰਘ ਜ਼ਖਮੀ ਹੋਏ। ਸੱਬਾ ਸਿੰਘ ਤੇ ਸੋਨੂੰ ਸਿੰਘ ਸਮੇਤ ਕਈ ਹੋਰਾਂ ਨੇ ਸ਼ਿਕਾਇਤਕਰਤਾ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਉਸਦੇ ਸਿਰ ਅਤੇ ਹੋਰ ਅੰਗਾਂ ’ਤੇ ਸੱਟਾਂ ਲੱਗੀਆਂ। ਬਿੱਲਾ ਸਿੰਘ, ਹਰਮਨ ਸਿੰਘ ਅਤੇ ਸ਼ਿਕਾਇਤਕਰਤਾ ਦੇ ਭਰਾ ਸੁਰਿੰਦਰ ਸਿੰਘ ਨੂੰ ਵੀ ਸੱਟਾਂ ਲੱਗੀਆਂ। ਪੁਲੀਸ ਮੌਕੇ ’ਤੇ ਪਹੁੰਚੀ, ਪਰ ਹਮਲਾਵਰ ਭੱਜ ਗਏ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਹੁਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
