ਪੱਤਰ ਪ੍ਰੇਰਕ
ਤਰਨ ਤਾਰਨ 22 ਅਕਤੂਬਰ
ਪ੍ਰਸ਼ਾਸਨ ਨੇ ਜ਼ਿਲ੍ਹੇ ਅੰਦਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ਼ ਸ਼ੁਰੂ ਕੀਤੀ ਕਰਵਾਈ ਤਿਉਹਾਰਾਂ ਦੇ ਮੌਸਮ ਦੇ ਆਉਂਦਿਆਂ ਹੀ ਤੇਜ਼ ਕਰ ਦਿੱਤੀ ਹੈ| ਪੰਜਾਬ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਬੁੱਧਵਾਰ ਨੂੰ ਇਲਾਕੇ ਦੇ ਕਈ ਪਿੰਡਾਂ ਅੰਦਰ ਛਾਪੇ ਮਾਰ ਕੇ 700 ਲਿਟਰ ਲਾਹਣ ਅਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ| ਜਾਣਕਾਰੀ ਅਨੁਸਾਰ ਇਸ ਸਬੰਧੀ ਕੀਤੇ ਸਾਂਝੇ ਅਪਰੇਸ਼ਨ ਵਿੱਚ ਜਲੰਧਰ ਤੋਂ ਡਰੋਨ ਕੈਮਰੇ ਵੀ ਮੰਗਵਾਏ ਗਏ ਸਨ| ਅਪਰੇਸ਼ਨ ਦੌਰਾਨ ਇਲਾਕੇ ਦੇ ਪਿੰਡ ਕੋਟ ਧਰਮ ਚੰਦ ਕਲਾਂ ਤੋਂ 700 ਲਿਟਰ ਲਾਹਣ ਬਰਾਮਦ ਕੀਤੀ ਗਈ| ਇਸ ਸਬੰਧੀ ਪਿੰਡ ਦੇ ਇਕ ਵਾਸੀ ਸੱਜਣ ਸਿੰਘ ਨੂੰ ਕਾਬੂ ਕਰ ਲਿਆ ਗਿਆ ਜਦਕਿ ਗੁਰਦੇਵ ਸਿੰਘ ਫਰਾਰ ਹੋ ਗਿਆ| ਇਸ ਦੇ ਨਾਲ ਹੀ ਥਾਣਾ ਕੱਚਾਪੱਕਾ ਅਧੀਨ ਆਉਂਦੇ ਪਿੰਡ ਘੁਰਕਵਿੰਡ ਦੇ ਵਾਸੀ ਬਲਵਿੰਦਰ ਸਿੰਘ ਮੁੱਛ ਅਤੇ ਲਾਭ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 70 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਦਕਿ ਥਾਣਾ ਖੇਮਕਰਨ ਅਧੀਨ ਆਉਂਦੇ ਪਿੰਡ ਮੀਆਂਵਾਲਾ ਦੇ ਵਾਸੀ ਅਵਤਾਰ ਸਿੰਘ ਦੇ ਘਰੋਂ 30 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ| ਅਵਤਾਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ| ਆਬਕਾਰੀ ਵਿਭਾਗ ਦੇ ਅਧਿਕਾਰੀ ਨਵਜੋਤ ਭਾਰਤੀ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ|