ਸਕੂਲ ਵਿਵਾਦ: ਡਾਇਰੈਕਟਰ, ਪ੍ਰਿੰਸੀਪਲ ਅਤੇ ਅਧਿਆਪਕ ਮੁਅੱਤਲ
ਤੇਜਿੰਦਰ ਸਿੰਘ ਖਾਲਸਾ
ਚੋਹਲਾ ਸਾਹਿਬ, 29 ਮਈ
ਇੱਥੋਂ ਥੋੜ੍ਹੀ ਦੂਰ ਪਿੰਡ ਸੁਹਾਵਾ ਵਿੱਚ ਸਥਿਤ ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਦੇ ਸੈਂਕੜੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੇ ਸਕੂਲ ਪ੍ਰਬੰਧਕਾਂ ਵਿਰੁੱਧ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਸਕੂਲ ਦੇ ਡਾਇਰੈਕਟਰ ਸਤੀਸ਼ ਦੁੱਗਲ, ਪ੍ਰਿੰਸੀਪਲ ਡਾ. ਰੀਤੂ ਅਤੇ ਅਧਿਆਪਕ ਯੋਗੇਸ਼ ਕੁਮਾਰ ਉੱਤੇ ਵਿਦਿਆਰਥੀਆਂ ਨਾਲ ਗ਼ਲਤ ਵਤੀਰਾ ਕਰਨ ਅਤੇ ਕੁਝ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਗੰਭੀਰ ਇਲਜ਼ਾਮ ਲਾਏ ਹਨ। ਇਸ ਦੌਰਾਨ ਤਿੰਨ ਘੰਟਿਆਂ ਤੱਕ ਸਕੂਲ ਦੇ ਅੰਦਰ ਧਰਨਾ ਜਾਰੀ ਰਿਹਾ। ਧਰਨਾਕਾਰੀਆਂ ਨੇ ਸਕੂਲ ਪ੍ਰਬੰਧਕ ਕਮੇਟੀ ਖ਼ਿਲਾਫ ਨਾਅਰੇਬਾਜ਼ੀ ਕਰਦੇ ਹੋਏ ਤਿੰਨਾਂ ਮੁਲਾਜ਼ਮਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਸਕੂਲ ਦੇ ਸੈਕਟਰੀ ਬਾਬਾ ਸਵਰਨ ਸਿੰਘ ਖਾਰਾ ਨੇ ਮੈਨੇਜਮੈਂਟ ਨਾਲ ਵਿਚਾਰ-ਵਟਾਂਦਰਾ ਕਰਨ ਮਗਰੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਤਿੰਨੋਂ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਾਂਚ ਉਪਰੰਤ ਜੇ ਦੋਸ਼ ਸਾਬਿਤ ਹੁੰਦੇ ਹਨ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੈਕਟਰੀ ਵੱਲੋਂ ਮਿਲੇ ਵਿਸ਼ਵਾਸ ਮਗਰੋਂ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਾਮਲੇ ’ਚ ਟਾਲ-ਮਟੋਲ ਕੀਤੀ ਗਈ ਤਾਂ ਉਹ ਵੱਡੇ ਪੱਧਰ ’ਤੇ ਸੰਘਰਸ਼ ਕਰਨਗੇ।
ਪ੍ਰਿੰਸੀਪਲ ਨੇ ਦੋਸ਼ ਨਕਾਰੇ
ਸਕੂਲ ਦੀ ਪ੍ਰਿੰਸੀਪਲ ਡਾ. ਰੀਤੂ ਨੇ ਦੋਸ਼ਾਂ ਨੂੰ ਨਿਰਾਧਾਰ ਦੱਸਦਿਆਂ ਕਿਹਾ ਕਿ ਕੁਝ ਤੱਤ ਸਕੂਲ ਦਾ ਸ਼ਾਂਤਮਈ ਮਾਹੌਲ ਵਿਗਾੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਿਦਿਆਰਥੀ ਜਾਂ ਸਟਾਫ ਨਾਲ ਅਣਉੱਚਿਤ ਵਿਵਹਾਰ ਨਹੀਂ ਕੀਤਾ ਗਿਆ।