ਆਬੂਧਾਬੀ ਦੀ ਜੇਲ੍ਹ ’ਚੋਂ ਸੈਲਾ ਖੁਰਦ ਦਾ ਨੌਜਵਾਨ ਰਿਹਾਅ
ਸੈਲਾ ਖੁਰਦ ਵਾਸੀ ਹਰਵਿੰਦਰ ਮਾਨ ਜੋ ਆਬੂਧਾਬੀ ਵਿੱਚ ਸੜਕ ਹਾਦਸੇ ’ਚ ਦੋਸ਼ੀ ਠਹਿਰਾਏ ਜਾਣ ਕਾਰਨ ਉੱਥੋਂ ਦੀ ਜੇਲ੍ਹ ’ਚ ਕੈਦ ਸੀ, ਉਹ ਸਾਬਕਾ ਲੋਕ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਬਲੱਡ ਮਨੀ ਅਦਾ ਕਰਨ ਉਪਰੰਤ ਰਿਹਾਅ ਹੋ ਗਿਆ...
ਸੈਲਾ ਖੁਰਦ ਵਾਸੀ ਹਰਵਿੰਦਰ ਮਾਨ ਜੋ ਆਬੂਧਾਬੀ ਵਿੱਚ ਸੜਕ ਹਾਦਸੇ ’ਚ ਦੋਸ਼ੀ ਠਹਿਰਾਏ ਜਾਣ ਕਾਰਨ ਉੱਥੋਂ ਦੀ ਜੇਲ੍ਹ ’ਚ ਕੈਦ ਸੀ, ਉਹ ਸਾਬਕਾ ਲੋਕ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਦੇ ਯਤਨਾਂ ਸਦਕਾ ਬਲੱਡ ਮਨੀ ਅਦਾ ਕਰਨ ਉਪਰੰਤ ਰਿਹਾਅ ਹੋ ਗਿਆ ਹੈ। ਹਰਵਿੰਦਰ ਦੇ ਪਿਤਾ ਦਵਿੰਦਰ ਸਿੰਘ ਮਾਨ ਨੇ ਅੱਜ ਖੰਨਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ। ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਆਬੂਧਾਬੀ ਵਿੱਚ ਟਰੱਕ ਡਰਾਈਵਰ ਸੀ। ਉਸ ਦੇ ਟਰੱਕ ਨਾਲ ਇੱਕ ਹਾਦਸਾ ਵਾਪਰ ਗਿਆ ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਹਾਦਸੇ ਵਿਚ ਹਰਵਿੰਦਰ ਦੀ ਕੋਈ ਗਲਤੀ ਨਹੀਂ ਸੀ। ਇਸ ਕਰਕੇ ਮ੍ਰਿਤਕ ਦੇ ਪਰਿਵਾਰ ਵਲੋਂ ਕੋਈ ਕਲੇਮ ਦੀ ਮੰਗ ਨਹੀਂ ਕੀਤੀ ਗਈ ਪਰ ਉੱਥੋਂ ਦੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਛੁਡਾਉਣ ਲਈ ਉੱਥੋਂ ਦੀ ਸਰਕਾਰ ਨੇ 70 ਹਜ਼ਾਰ ਦਰਾਮ ਦਾ ਜ਼ੁਰਮਾਨਾ ਲਗਾਇਆ ਸੀ।
ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਸਾਰਾ ਮਾਮਲਾ ਸ੍ਰੀ ਖੰਨਾ ਦੇ ਧਿਆਨ ਹੇਠ ਲਿਆਂਦਾ ਤੇ ਆਪਣੇ ਪੁੱਤਰ ਨੂੰ ਰਿਹਾਅ ਕਰਵਾਉਣ ਦੀ ਮੰਗ ਕੀਤੀ। ਖੰਨਾ ਨੇ ਬਲੱਡ ਮਨੀ ਦਾ ਪ੍ਰਬੰਧ ਕਰਕੇ ਉਨ੍ਹਾਂ ਦੇ ਪੁੱਤਰ ਨੂੰ ਛੁਡਵਾਇਆ। ਇਸ ਮੌਕੇ ਸ੍ਰੀ ਖੰਨਾ ਨੇ ਦੁਬਈ ਵਿੱਚ ਬੈਠੇ ਉਨ੍ਹਾਂ ਦੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਕਹਿਣ ’ਤੇ ਹਰ ਸਮੇਂ ਮੱਦਦ ਲਈ ਤਿਆਰ ਰਹਿੰਦੇ ਹਨ। ਉਨ੍ਹਾਂ ਕੇਂਦਰ ਸਰਕਾਰ ਦਾ ਵੀ ਧੰਨਵਾਦ ਕੀਤਾ ਜਿਸ ਦੀਆਂ ਵਧੀਆ ਵਿਦੇਸ਼ ਨੀਤੀਆਂ ਕਾਰਨ ਵਿਦੇਸ਼ਾਂ ’ਚ ਰਹਿ ਰਹੇ ਭਾਰਤੀਆਂ ਨੂੰ ਮੱਦਦ ਮਿਲ ਰਹੀ ਹੈ।

