ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 27 ਨਵੰਬਰ
ਨਜ਼ਦੀਕੀ ਪਿੰਡ ਮੁੰਡਾਪਿੰਡ ਕੋਲ ਉਗਰਾਹੀ ਕਰ ਕੇ ਜਾ ਰਹੇ ਫਾਇਨਾਂਸ ਕੰਪਨੀ ਦੇ ਮੁਲਾਜ਼ਮ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਕੇ ਪੰਜਾਹ ਹਜ਼ਾਰ ਦੀ ਨਗਦੀ ਤੇ ਦੋ ਮੋਬਾਈਲ ਫੋਨ ਖੋਹ ਲਏ। ਮੁਲਜ਼ਮ ਉਸ ਨੂੰ ਜ਼ਖ਼ਮੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਏ ਪੀੜਤ ਦੀ ਪਛਾਣ ਰੇਸ਼ਮ ਸਿੰਘ ਪੁੱਤਰ ਸੁਖਦੇਵ ਸਿੰਘ ਨਿੱਜਰ ਪੁਰ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ। ਪੀੜਤ ਨੇ ਦੱਸਿਆ ਕਿ ਉਹ ਅਪ ਮਨੀ ਲਿਮਟਿਡ ਮਾਈਕਰੋ ਫਾਇਨਾਂਸ ਕੰਪਨੀ ਵਿੱਚ ਕੰਮ ਕਰਦਾ ਹੈ। ਅੱਜ ਉਹ ਮੁੰਡੇ ਪਿੰਡ ਤੋਂ ਪੈਸਿਆਂ ਦੀ ਉਗਰਾਹੀ ਕਰ ਕੇ ਮੋਟਰਸਾਈਕਲ ’ਤੇ ਲੋਹਾਰਾਂ ਵਾਲੀ ਸੜਕ ’ਤੇ ਜਾ ਰਿਹਾ ਸੀ। ਇਸ ਦੌਰਾਨ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਦੋ ਅਣਪਛਾਤਿਆਂ ਨੇ ਉਸ ਦੇ ਸਿਰ ਵਿੱਚ ਦਾਤਰ ਮਾਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਲੁਟੇਰੇ ਉਸ ਦਾ ਪੈਸਿਆਂ ਵਾਲਾ ਬੈਗ ਅਤੇ ਉਸ ਦੇ ਦੋ ਮਹਿੰਗੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਰੇਸ਼ਮ ਸਿੰਘ ਨੇ ਦੱਸਿਆ ਕਿ ਬੈਗ ਵਿੱਚ ਪੰਜਾਹ ਹਜ਼ਾਰ ਦੇ ਕਰੀਬ ਰਕਮ ਸੀ। ਰੇਸ਼ਮ ਸਿੰਘ ਨੇ ਦੱਸਿਆ ਕਿ ਉਹ ਮੁਸ਼ਕਲ ਨਾਲ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਿਆ ਹੈ। ਉਸ ਨੇ ਪੁਲੀਸ ਨੂੰ ਫੋਨ ਰਾਹੀਂ ਸ਼ਿਕਾਇਤ ਕਰ ਦਿੱਤੀ ਸੀ। ਰੇਸ਼ਮ ਸਿੰਘ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਜਲਦੀ ਕਾਬੂ ਕਰ ਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਫਲ ਵੇਚਣ ਵਾਲੇ ਨੂੰ ਗੋਲੀ ਮਾਰੀ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਬੀਤੀ ਦੇਰ ਸ਼ਾਮ ਨੂੰ ਗੋਬਿੰਦਗੜ੍ਹ ਕਿਲੇ ਨੇੜੇ ਮੋਟਰਸਾਈਕਲ ਸਵਾਰਾਂ ਨੇ ਫਲ ਵੇਚਣ ਵਾਲੇ ਪਰਵਾਸੀ ਮਜ਼ਦੂਰ ਨੂੰ ਗੋਲੀਆਂ ਮਾਰੀਆਂ। ਪੀੜਤ ਦੀ ਸ਼ਨਾਖਤ ਅਨਿਲ ਕੁਮਾਰ ਵਜੋਂ ਹੋਈ ਹੈ। ਗੋਲੀ ਨਾਲ ਉਸ ਦਾ ਮੋਢਾ ਜ਼ਖ਼ਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਵਾਸਤੇ ਹਸਪਤਾਲ ਦਾਖ਼ਲ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਕੋਲੋਂ ਸੇਬ ਖ਼ਰੀਦੇ ਅਤੇ ਪੈਸੇ ਮੰਗਣ ’ਤੇ ਉਸ ਨੂੰ ਗੋਲੀ ਮਾਰ ਦਿੱਤੀ।