ਲੁਟੇਰਿਆਂ ਨੇ ਨਕਦੀ ਤੇ ਗਹਿਣੇ ਲੁੱਟੇ
ਸਰਹੱਦੀ ਖੇਤਰ ਦੇ ਕਸਬਾ ਭਿੱਖੀਵਿੰਡ ਦੀ ਪਹੂੰਵਿੰਡ ਸੜਕ ਦੇ ਸਥਿਤ ਇੱਕ ਘਰ ਤੋਂ ਹਥਿਆਰਬੰਦ ਨਕਾਬਪੋਸ਼ ਲੁਟੇਰੇ ਪਰਿਵਾਰ ਦੇ ਇੱਕ ਮੈਂਬਰ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ| ਭਿੱਖੀਵਿੰਡ ਵਿੱਚ ਦੁਕਾਨ ਕਰਦੇ ਪਰਿਵਾਰ ਦੇ ਮੁਖੀ ਰਿਸ਼ੀ ਕੱਕੜ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਰਾਤ ਵੇਲੇ ਉਸ ਦੇ ਘਰ ਭਿੱਖੀਵਿੰਡ ਵਾਸੀ ਵਿਸ਼ਾਲ ਸ਼ਾਲੂ ਨਾਲ ਦੋ ਅਣਪਛਾਤੇ ਵਿਅਕਤੀ ਆਪਣੇ ਮੂੰਹ ਢੱਕ ਕੇ ਦਾਖਲ ਹੋ ਗਏ| ਲੁਟੇਰਿਆਂ ਨੇ ਰਿਸ਼ੀ ਕੱਕੜ ਦੀ ਲੜਕੀ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਉਸ ਦੀ ਪਤਨੀ ਨੰਦਨੀ ਕੱਕੜ ਦੇ ਕੰਨ ’ਤੇ ਪਿਸਤੌਲ ਰੱਖ ਕੇ ਉਸ ਤੋਂ ਘਰ ਦੀ ਅਲਮਾਰੀ ਦੀਆਂ ਚਾਬੀਆਂ ਲੈ ਲਈਆਂ| ਲੁਟੇਰੇ ਅਲਮਾਰੀ ਦੇ ਤਾਲੇ ਖੋਲ੍ਹ ਕੇ ਉਸ ਵਿੱਚੋਂ 1.5 ਲੱਖ ਰੁਪਏ ਦੀ ਨਕਦੀ ਅਤੇ 5 ਤੋਲਾ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ| ਰਿਸ਼ੀ ਕੱਕੜ ਨੇ ਸ਼ੱਕ ਜ਼ਾਹਰ ਕੀਤਾ ਕਿ ਇਨ੍ਹਾਂ ਲੁਟੇਰਿਆਂ ਵਿੱਚ ਭਿੱਖੀਵਿੰਡ ਦਾ ਹੀ ਵਾਸੀ ਵਿਸ਼ਾਲ ਸ਼ਾਲੂ ਹੈ ਅਤੇ ਉਹ ਦੋ ਹੋਰਨਾਂ ਨੂੰ ਨਾਲ ਲੈ ਕੇ ਆਇਆ ਅਤੇ ਘਰੋਂ ਹਥਿਆਰਾਂ ਦੀ ਨੋਕ ਤੇ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ| ਏ ਐੱਸ ਆਈ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਵਿਸ਼ਾਲ ਸ਼ਾਲੂ ਆਪਣੇ ਘਰੋਂ ਗਾਇਬ ਹੈ|
