Road Accident: ਤੇਜ਼ ਰਫ਼ਤਾਰ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ, ਇੱਕ ਮੌਤ
ਮ੍ਰਿਤਕ ਦੇ ਪੁੱਤਰ ਦੇ ਬਿਆਨਾਂ ’ਤੇ ਕੇਸ ਦਰਜ
ਇੱਥੋਂ ਦੇ ਮੇਨ ਕੌਮੀ ਸ਼ਾਹ ਮਾਰਗ ਨੰਬਰ-54 ਦੇ ਮੋੜ ਪਿੰਡ ਕੱਦਗਿੱਲ ਨੇੜੇ ਕੱਲ੍ਹ ਮੁਖਤਿਆਰ ਸਿੰਘ (73) ਵਾਸੀ ਪਿੰਡ ਕੋਟਲੀ ਦੀ ਹਾਦਸੇ ਵਿੱਚ ਮੌਤ ਹੋ ਗਈ। ਮੁਖਤਿਆਰ ਸਿੰਘ ਮੋਟਰਸਾਈਕਲ ’ਤੇ ਸਵੇਰ ਵੇਲੇ ਡੇਰਾ ਰਾਧਾ ਸਵਾਮੀ ਡੇਰਾ ਪਿੰਡ ਕੱਦਗਿੱਲ ਵਿੱਚ ਸਤਸੰਗ ਸੁਣਨ ਲਈ ਜਾ ਰਹੇ ਸਨ ਤਾਂ ਉਸ ਨੂੰ ਕੱਦਗਿੱਲ ਪਿੰਡ ਦੇ ਮੋੜ ਨੇੜੇ ਤੇਜ਼ ਰਫਤਾਰ ਵਾਹਨ ਸਾਈਡ ਮਾਰ ਕੇ ਸੁੱਟ ਗਿਆ। ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਮ੍ਰਿਤਕ ਦੇ ਪੁੱਤਰ ਜਗਦੀਪ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ। ਮਾਮਲੇ ਦੀ ਅਗਲੇਰੀ ਤਫ਼ਤੀਸ਼ ਏ ਐੱਸ ਆਈ ਰਾਜਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
ਸੜਕ ਹਾਦਸੇ ਦੇ ਜ਼ਖ਼ਮੀ ਦੀ ਮੌਤ
ਤਰਨ ਤਾਰਨ (ਪੱਤਰ ਪ੍ਰੇਰਕ): ਇੱਥੋਂ ਦੇ ਕੌਮੀ ਰਾਜ ਮਾਰਗ ’ਤੇ ਪਿੰਡ ਪਿੱਦੀ ਨੇੜੇ ਨਾਇਰਾ ਪੈਟਰੋਲ ਪੰਪ ਦੇ ਸਾਹਮਣੇ ਕੱਲ੍ਹ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਰਮਨਜੀਤ ਸਿੰਘ (22) ਵਾਸੀ ਰਸੂਲਪੁਰ ਵਜੋਂ ਹਈ। ਜਰਮਨਜੀਤ ਸਿੰਘ ਬੁਲੇਟ ਮੋਟਰਸਾਈਕਲ ’ਤੇ ਸੇਰੋਂ ਪਿੰਡ ਤੋਂ ਆਪਣੇ ਘਰ ਨੂੰ ਪਰਤ ਰਿਹਾ ਸੀ ਤਾਂ ਪਿੱਛੋਂ ਸਕੋਡਾ ਕਾਰ ਨੰਬਰ ਪੀਬੀ- 02, ਈ ਐੱਚ-9697 ਨੇ ਆਪਣੀ ਲਪੇਟ ਵਿੱਚ ਲੈ ਲਿਆ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਜਿੱਥੇ ਇਲਾਜ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਮ੍ਰਿਤਕ ਦੀ ਮਾਤਾ ਹਰਜਿੰਦਰ ਕੌਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ। ਕਾਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲੀਸ ਇਸ ਸਬੰਧੀ ਕਾਰਵਾਈ ਕਰ ਰਹੀ ਹੈ।

