Revolutionary Rural Workers Union protest: ਪੇਂਡੂ ਮਜ਼ਦੂਰਾਂ ਵੱਲੋਂ ਰੋਸ ਮੁਜ਼ਾਹਰਾ
ਸੁਪਰਡੈਂਟ ਨੂੰ ਮੰਗ ਪੱਤਰ ਦਿੱਤਾ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਗੁਰੂ ਨਾਨਕ ਪਾਰਕ ’ਚ ਇਕੱਠੇ ਹੋਣ ਉਪਰੰਤ ਸ਼ਹਿਰ ’ਚ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕਰ ਕੇ ਬੀ ਡੀ ਪੀ ਓ ਦਫ਼ਤਰ ਗੁਰਦਾਸਪੁਰ ਅੱਗੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ’ਚ ਸੁਪਰਡੈਂਟ ਨੇ ਆ ਕੇ ਮੰਗ ਪੱਤਰ ਲਿਆ ਅਤੇ ਜਥੇਬੰਦੀ ਦੀ ਮੰਗ ਅਨੁਸਾਰ ਮਜ਼ਦੂਰ ਮੰਗਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਬੀ ਡੀ ਪੀ ਓ ਦੀ ਹਾਜ਼ਰੀ ਵਿੱਚ 26 ਅਗਸਤ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਧਰਨੇ ਨੂੰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਜਮਾਤ ਹਰੇਕ ਤਰ੍ਹਾਂ ਦੀ ਸਹੂਲਤ ਤੋਂ ਵਾਂਝੀ ਹੈ। ਧਰਨੇ ਨੂੰ ਇਲਾਕਾ ਆਗੂ ਬਲਬੀਰ ਮਸੀਹ, ਮੁਨੀਰ ਮਸੀਹ, ਭਿੰਦਰ ਮਸੀਹ, ਜਗੀਰੋ, ਜਮੀਲਾ, ਸਰਬਜੀਤ, ਮਨਦੀਪ, ਮਾਨਾ ਮਸੀਹ, ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਗੁਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਧਰਨੇ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਆਗੂ ਬਿਮਲ ਕੌਰ ਨੇ ਨਿਭਾਈ। ਮੰਗ ਪੱਤਰ ਅਨੁਸਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਾਕੀ ਰਹਿੰਦੀਆਂ ਕਿਸ਼ਤਾਂ ਫੌਰੀ ਜਾਰੀ ਕੀਤੀਆਂ ਜਾਣ, ਜਿਨ੍ਹਾਂ ਲੋੜਵੰਦਾਂ ਦੀ ਕੱਚੇ ਘਰਾਂ ਸਬੰਧੀ ਔਨਲਾਈਨ ਰਜਿਸਟਰੇਸ਼ਨ ਹੋ ਜਾਣ ਦੇ ਬਾਵਜੂਦ ਅਜੇ ਤੱਕ ਗਰਾਂਟਾਂ ਜਾਰੀ ਨਹੀਂ ਹੋਈਆਂ, ਉਨ੍ਹਾਂ ਦੀ ਫੌਰੀ ਗਰਾਂਟਾਂ ਜਾਰੀ ਕੀਤੀਆਂ ਜਾਣ।

