ਸ਼ੂਗਰ ਮਿੱਲ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਧਰਨਾ ਸ਼ੁਰੂ
ਪ੍ਰਬੰਧਕਾਂ ’ਤੇ ਵਾਅਦੇ ਤੋਂ ਮੁੱਕਰਨ ਦਾ ਦੋਸ਼; ਪੇਅ ਕਮਿਸ਼ਨ ਦਾ ਏਰੀਅਰ ਦੇਣ ਦੀ ਮੰਗ
ਸ਼ੂਗਰ ਮਿੱਲ ਪਨਿਆੜ (ਗੁਰਦਾਸਪੁਰ) ਦੇ ਸੇਵਾਮੁਕਤ ਕਰਮਚਾਰੀਆਂ ਵੱਲੋਂ ਮਿੱਲ ਪ੍ਰਬੰਧਕਾਂ ਖ਼ਿਲਾਫ਼ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਗਿਆ ਹੈ। ਇਨ੍ਹਾਂ ਸੇਵਾਮੁਕਤ ਕਰਮਚਾਰੀਆਂ ਅਨੁਸਾਰ ਮਿੱਲ ਪ੍ਰਬੰਧਨ ਉਨ੍ਹਾਂ ਨੂੰ ਮਿਲਣ ਦੇ ਬਾਵਜੂਦ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਿਆ ਹੈ। ਜਾਣਕਾਰੀ ਮੁਤਾਬਕ ਅਸ਼ਵਨੀ ਕੁਮਾਰ ਲੱਖਣ ਕਲਾਂ, ਸੁਖਜਿੰਦਰ ਸਿੰਘ ਬਾਠਾਵਾਲੀ ਤੇ ਮਨਜਿੰਦਰ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਮੀਟਿੰਗ ਦੌਰਾਨ ਸੇਵਾਮੁਕਤ ਕਰਮਚਾਰੀਆਂ ਨੇ ਦੋਸ਼ ਲਾਇਆ ਕਿ ਸ਼ੂਗਰ ਮਿੱਲ ਪਨਿਆੜ ਉਨ੍ਹਾਂ ਨੂੰ ਪੇਅ ਕਮਿਸ਼ਨ ਦੇ ਏਰੀਅਰ ਦਾ ਬਕਾਇਆ ਨਹੀਂ ਦੇ ਰਿਹਾ ਜੋ ਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਹੁਤ ਸਮਾਂ ਪਹਿਲਾਂ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਵੱਡੀ ਗਿਣਤੀ ਵਿੱਚ ਸੇਵਾਮੁਕਤ ਕਰਮਚਾਰੀ ਇਕੱਤਰ ਹੋਏ ਪਰ ਮਿੱਲ ਪ੍ਰਬੰਧਕਾਂ ਵੱਲੋਂ ਕਥਿਤ ਤੌਰ ’ਤੇ ਟਾਲ-ਮਟੋਲ ਦੀ ਨੀਤੀ ਜਾਰੀ ਰਹੀ।
ਇਸ ਮੌਕੇ ਪਹੁੰਚੇ ਮਜ਼ਦੂਰ ਮੁਕਤੀ ਮੋਰਚੇ ਦੇ ਆਗੂ ਸਾਥੀ ਵਿਜੈ ਸੋਹਲ ਨੇ ਭਰਾਤਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ 10 ਸਤੰਬਰ ਨੂੰ ਇਸ ਧਰਨੇ ਵਿੱਚ ਸ਼ਾਮਲ ਹੋਣ। ਧਰਨੇ ਵਿੱਚ ਬਲਵਿੰਦਰ ਸਿੰਘ, ਸਾਧਾ ਸਿੰਘ, ਰਾਮ ਕਿਸ਼ਨ, ਲਖਵਿੰਦਰ ਸਿੰਘ, ਰਾਜ ਕੁਮਾਰ, ਜੋਗਿੰਦਰ ਪਾਲ, ਹੰਸ ਰਾਜ, ਲਖਵਿੰਦਰ ਸਿੰਘ, ਪ੍ਰਗਟ ਸਿੰਘ, ਪਰਸ ਰਾਮ ਕਲਾਨੌਰ ਅਤੇ ਹੋਰ ਵਰਕਰ ਹਾਜ਼ਰ ਸਨ।

