ਮੁਰਾਦਪੁਰ ਆਬਾਦੀ ਦੇ ਵਸਨੀਕ ਸਾਫ਼ ਪਾਣੀ ਨੂੰ ਤਰਸੇ
ਤਰਨ ਤਾਰਨ ਸ਼ਹਿਰ ਦੀ ਮੁਰਾਦਪੁਰ ਆਬਾਦੀ ’ਚ ਪ੍ਰੀਤ ਨਗਰ ਦੇ 100 ਦੇ ਕਰੀਬ ਪਰਿਵਾਰ ਪੀਣ ਵਾਲੇ ਸਾਫ਼ ਪਾਣੀ ਤੋਂ ਇਲਾਵਾ ਹੋਰ ਸਹੂਲਤਾਂ ਨੂੰ ਤਰਸ ਰਹੇ ਹਨ| ਮੁਰਾਦਪੁਰ ਆਬਾਦੀ ਉਹ ਹੈ ਜਿਸ ਦੇ ਵਸਨੀਕਾਂ ਦੀ ਕੁਝ ਸਾਲ ਪਹਿਲਾਂ ਕਰਵਾਈ ਗਈ ਮੈਡੀਕਲ ਜਾਂਚ ਦੌਰਾਨ 90 ਦੇ ਕਰੀਬ ਲੋਕ ਕਾਲਾ ਪੀਲੀਆ ਤੋਂ ਪੀੜਤ ਮਿਲੇ ਸਨ। ਪ੍ਰਸ਼ਾਸਨ ਨੇ ਇਸ ਵਰਤਾਰੇ ਤੋਂ ਭੈਅ-ਭੀਤ ਹੋ ਕੇ ਉਸ ਤੋਂ ਬਾਅਦ ਲੋਕਾਂ ਦੀ ਮੈਡੀਕਲ ਜਾਂਚ ਹੀ ਨਹੀਂ ਕਰਵਾਈ| ਆਬਾਦੀ ਦੇ ਵਾਸੀ ਮੀਨਾ ਕੌਰ, ਸੀਮਾ ਕੌਰ, ਹਰਦੀਪ ਸਿੰਘ, ਨਿਮਰਤਾ ਕੌਰ, ਸਲਿੰਦਰ ਕੌਰ, ਸੰਦੀਪ ਸਿੰਘ, ਜੋਗਾ ਸਿੰਘ ਅਤੇ ਗੁਲਸ਼ਨ ਸਿੰਘ ਸਮੇਤ ਹੋਰਨਾਂ ਨੇ ਕਿਹਾ ਕਿ ਪ੍ਰੀਤ ਨਗਰ ਦੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਸਾਫ਼ ਪਾਣੀ ਦੀ ਸਪਲਾਈ ਨਹੀਂ ਕੀਤੀ ਜਾ ਰਹੀ| ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਆਪਣੇ ਪੱਧਰ ’ਤੇ ਘਰਾਂ ਵਿੱਚ ਕਰਵਾਏ ਬੋਰ ਧਰਤੀ ਹੇਠਲਾ ਪਾਣੀ ਗੰਧਲਾ ਹੋ ਜਾਣ ਕਰਕੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ| ਉਨ੍ਹਾਂ ਕਿਹਾ ਕਿ ਸਾਲਾਂ ਤੋਂ ਗੰਦਾ ਪਾਣੀ ਪੀਣ ਕਾਰਨ ਲੋਕ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ। ਉਨ੍ਹਾਂ ਕਿਹਾ ਕਿ ਢਿੱਡ ਦੀਆਂ ਬਿਮਾਰੀਆਂ ਕਾਰਨ ਦਾਸ ਸਿੰਘ (45) ਦੀ ਮਹੀਨਾ ਪਹਿਲਾਂ ਅਤੇ ਸਰਵਣ ਸਿੰਘ (47) ਦੀ ਫੇਫੜੇ ਖਰਾਬ ਹੋਣ ਕਾਰਨ ਹਫਤਾ ਪਹਿਲਾਂ ਮੌਤ ਹੋ ਚੁੱਕੀ ਹੈ। ਇਸ ਤੋਂ ਕਈ ਲੋਕ ਢਿੱਡ ਦੀਆਂ ਬਿਮਾਰੀਆਂ ਦੀ ਲਗਾਤਾਰ ਦਵਾਈ ਲੈ ਰਹੇ ਹਨ| ਲੋਕਾਂ ਨੇ ਕਿਹਾ ਕਿ ਆਬਾਦੀ ਵਿੱਚ ਸੀਵਰੇਜ ਥਾਂ-ਥਾਂ ਤੋਂ ਲੀਕ ਹੋਣ ਗੰਦਾ ਪਾਣੀ ਵਾਟਰ ਸਪਲਾਈ ਵਾਲੀ ਲਾਈਨ ਵਿੱਚ ਜਾ ਰਿਹਾ ਹੈ। ਲੋਕਾਂ ਨੇ ਨਗਰ ਕੌਂਸਲ ’ਤੇ ਸੀਵਰੇਜ ਪਾਈਪਾਂ ਦੀ ਸਫਾਈ ਨਾ ਕਰਨ ਦਾ ਵੀ ਦੋਸ਼ ਲਗਾਇਆ ਹੈ| ਉਨ੍ਹਾਂ ਕਿਹਾ ਕਿ ਸੀਵਰੇਜ ਦੇ ਟੁੱਟੇ ਢੱਕਣ ਆਏ ਦਿਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ| ਉਨ੍ਹਾਂ ਕਿਹਾ ਕਿ ਆਬਾਦੀ ਵਿੱਚ ਸਫਾਈ ਪ੍ਰਬੰਧਾਂ ਦਾ ਬਹੁਤ ਬੁਰਾ ਹਾਲ ਹੈ।
ਮੁਰਾਦਪੁਰ ਆਬਾਦੀ ਦਾ ਦੌਰਾ ਕਰਾਂਗਾ: ਸੁਪਰਡੈਂਟ
Advertisementਨਗਰ ਕੌਂਸਲ ਦੇ ਸੁਪਰਡੈਂਟ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਆਬਾਦੀ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਜਾਣਕਾਰੀ ਇਕੱਤਰ ਕਰਕੇ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਇਕ ਪੱਤਰ ਲਿਖਣਗੇ| ਉਨ੍ਹਾਂ ਕਿਹਾ ਕਿ ਉਹ ਆਬਾਦੀ ਦੇ ਲੋਕਾਂ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਇਕੱਤਰ ਕਰਨ ਲਈ ਖੁਦ ਮੌਕੇ ’ਤੇ ਵੀ ਜਾਣਗੇ|
