ਗੁਰਬਖਸ਼ਪੁਰੀ
ਤਰਨ ਤਾਰਨ, 23 ਸਤੰਬਰ
ਝਬਾਲ ਪਿੰਡ ਤੋਂ ਗੰਦੇ ਪਾਣੀ ਦੀ ਨਿਕਾਸੀ ਦੇ ਨਿਕੰਮੇ ਪ੍ਰਬੰਧਾਂ ਨੇ ਲੋਕਾਂ ਦਾ ਜੀਵਨ ਦੁੱਭਰ ਬਣਾ ਦਿੱਤਾ ਹੈ| ਪਿੰਡਾਂ ਅੱਡਾ ਝਬਾਲ, ਬਾਬਾ ਲੰਗਾਹ, ਝਬਾਲ ਖ਼ਾਮ, ਝਬਾਲ ਪੁਖਤਾ ਅਤੇ ਝਬਾਲ ਮੰਨਣ ਦੇ ਵਸਨੀਕਾਂ ਦੀ ਕਰੀਬ ਵੀਹ ਹਜ਼ਾਰ ਆਬਾਦੀ ਨੂੰ ਬੀਤੇ ਕਈ ਸਾਲਾਂ ਤੋਂ ਬਾਰਸ਼ਾਂ ਤੇ ਘਰਾਂ ਆਦਿ ਦੇ ਗੰਦੇ ਪਾਣੀ ਦੀ ਨਿਕਾਸ ਦੇ ਪ੍ਰਬੰਧਾਂ ਦੀ ਗੰਭੀਰ ਖਾਮੀ ਕਰ ਕੇ ਸਾਫ਼ ਪਾਣੀ ਵੀ ਨਸੀਬ ਨਹੀਂ ਹੋ ਰਿਹਾ|
ਇਨ੍ਹਾਂ ਪਿੰਡਾਂ ਦੇ ਵਸਨੀਕਾਂ ਦਵਿੰਦਰ ਸੋਹਲ, ਸਤਪਾਲ ਸਿੰਘ, ਜਸਪਾਲ ਸਿੰਘ, ਪਿੰਦਰ ਪਾਲ ਸਿੰਘ, ਅੰਮ੍ਰਿਤਪਾਲ ਸਿੰਘ ਸਣੇ ਹੋਰਨਾਂ ਨੇ ਕਿਹਾ ਕਿ ਪਾਣੀ ਦੇ ਨਿਕਾਸ ਦੇ ਪ੍ਰਬੰਧ ਨਾ ਹੋਣ ਕਰ ਕੇ ਹੀ ਇਨ੍ਹਾਂ ਪਿੰਡਾਂ ਦੇ ਸਾਰੇ ਦੇ ਸਾਰੇ ਇਕ ਦਰਜਨ ਦੇ ਕਰੀਬ ਛੱਪੜ ਗੰਦੇ ਪਾਣੀ ਨਾਲ ਭਰ ਗਏ ਹਨ| ਲੋਕਾਂ ਨੂੰ ਚਾਰ ਚੁਫੇਰਿਓਂ ਸਾਲਾਂ ਤੋਂ ਬੂਦਬੂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ| ਲੋਕਾਂ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਨਾ ਹੋਣ ਕਾਰਨ ਧਰਤੀ ਹੇਠਲਾ ਪਾਣੀ ਵੀ ਗੰਧਲਾ ਹੋ ਗਿਆ ਹੈ| ਉਨ੍ਹਾਂ ਕਿਹਾ ਕਿ ਗੰਦਾ ਪਾਣੀ ਪੀਣ ਕਰ ਕੇ ਹੀ ਇਨ੍ਹਾਂ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਸੂਬੇ ਦੀ ਹਾਕਮ ਧਿਰ ਨੇ ਇਨ੍ਹਾਂ ਪਿੰਡਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਲਈ ਦਿੱਤੇ ਯਕੀਨ ਕਰ ਕੇ ਹੀ ਲੋਕਾਂ ਤੋਂ ਵੋਟਾਂ ਲਈਆਂ ਸਨ ਪਰ ਡੇਢ ਸਾਲ ਦੇ ਬੀਤਣ ’ਤੇ ਵੀ ਨਾ ਇਨ੍ਹਾਂ ਪਿੰਡਾਂ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਸਕਿਆ ਹੈ ਅਤੇ ਨਾ ਹੀ ਛੱਪੜਾਂ ਦੀ ਸਫ਼ਾਈ ਕਰਵਾਈ ਜਾ ਸਕੀ ਹੈ|
ਅੱਜ ਸਵੇਰ ਵੇਲੇ ਹੋਈ ਬਾਰਸ਼ ਕਰਕੇ ਤਰਨ ਤਾਰਨ-ਝਬਾਲ ਰੋਡ ’ਤੇ ਦੂਰ ਤੱਕ ਪਾਣੀ ਖੜ੍ਹ ਗਿਆ| ਪੀੜਤਾਂ ਨੇ ਕਿਹਾ ਕਿ ਇਹ ਪਾਣੀ ਕਈ ਦਿਨਾਂ ਤੱਕ ਲੋਕਾਂ ਲਈ ਮੁਸ਼ਕਲ ਦਾ ਸਬੱਬ ਬਣਦਾ ਰਹਿਣਾ ਹੈ ਅਤੇ ਸੜਕ ਨੂੰ ਵੀ ਨੁਕਸਾਨ ਪੁੱਜੇਗਾ।
ਇਸ ਸਬੰਧੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ (ਡੀਡੀਪੀਓ) ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਹੇਠਲੇ ਪੱਧਰ ਤੋਂ ਜਾਣਕਾਰੀ ਇਕੱਤਰ ਕਰਨਗੇ|