ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਅਤੇ ਨਸ਼ਾ ਮੁਕਤੀ ਮੋਰਚਾ ਮਾਝਾ ਜ਼ੋਨ ਦੀ ਕੋਆਰਡੀਨੇਟਰ ਸੋਨੀਆ ਮਾਨ ਨੇ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰਾਂ ਨੂੰ ਪੰਜਾਬ ਦੇ ਗਦਾਰ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਪੰਜਾਬ ਦੇ ਲੋਕ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਹ ਅੱਜ ਇੱਥੇ ਸਰਕਾਰੀ ਹਾਈ ਸਕੂਲ, ਪਿੰਡ ਮੱਲੂ ਨੰਗਲ ਵਿੱਚ ਨਵੀਂ ਤਿਆਰ ਕੀਤੀ ਗਈ ਸਾਇੰਸ ਲਾਇਬ੍ਰੇਰੀ ਇਮਾਰਤ ਦਾ ਉਦਘਾਟਨ ਕਰਨ ਆਏ ਸਨ।
ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿਸ ਨੇ ਵੀ ਪੰਜਾਬ ਨਾਲ ਗਦਾਰੀ ਕੀਤੀ ਹੈ ਪੰਜਾਬੀਆਂ ਨੇ ਕਦੇ ਉਸ ਨੂੰ ਮੁਆਫ਼ ਨਹੀਂ ਕੀਤਾ। ਇਸ ਮੌਕੇ ਸੋਨੀਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ ਕਰ ਰਹੀ ਹੈ। ਇਸ ਸਾਇੰਸ ਲਾਇਬ੍ਰੇਰੀ ਨਾਲ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਨੂੰ ਵਧਾਉਣ ਅਤੇ ਪ੍ਰਯੋਗਾਤਮਕ ਸਿੱਖਿਆ ਪ੍ਰਾਪਤ ਕਰਨ ਵਿੱਚ ਵੱਡੀ ਮਦਦ ਮਿਲੇਗੀ। ਇਸ ਮੌਕੇ ਸਕੂਲ ਦੇ ਸਟਾਫ ਅਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਰੇਸ਼ਮ ਸਿੰਘ ਵੜੈਚ, ਹਲਕਾ ਰਾਜਾਸਾਂਸੀ ਸੰਗਠਨ ਇੰਚਾਰਜ ਰਾਜਬੀਰ ਸਿੰਘ ਟੋਲਾ ਨੰਗਲ, ਸਰਪੰਚ ਸੁਖਚੈਨ ਸਿੰਘ ਅਦਲੀਵਾਲਾ, ਨਸ਼ਾ ਮੁਕਤੀ ਮੋਰਚਾ ਹਲਕਾ ਕੋਡੀਨੇਟਰ ਸੁਖਦੀਪ ਸਿੰਘ ਛੀਨਾ ਹਾਜ਼ਰ ਸਨ।

