ਦੁਬਈ ਤੋਂ ਭਾਰਤ ਲਿਆਂਦੀ ਰਣਜੀਤ ਸਿੰਘ ਦੀ ਦੇਹ
ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਨੇੜਲੇ ਪਿੰਡ ਗਿੱਲ ਮੰਝ ਨਾਲ ਸਬੰਧਤ 40 ਸਾਲਾ ਰਣਜੀਤ ਸਿੰਘ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਲਿਆਂਦਾ ਗਿਆ। ਜਿਸ ਨੂੰ ਸਰਬੱਤ ਦਾ ਭਲਾ ਟਰੱਸਟ ਦੇ ਆਗੂਆ ਨੇ ਪੀੜਤ ਪਰਿਵਾਰ ਨੂੰ ਸੌਪ ਦਿਤਾ ਅਤੇ ਲਾਸ਼ ਨੂੰ ਘਰ ਤਕ ਪਹੁੰਚਾਉਣ ਵਾਸਤੇ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਵੀ ਪ੍ਰਦਾਨ ਕੀਤੀ। ਟਰੱਸਟ ਦੇ ਮੁੱਖੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਰਣਜੀਤ ਸਿੰਘ ਕਰੀਬ ਪਿਛਲੇ 4 ਸਾਲਾਂ ਤੋਂ ਦੁਬਈ ਵਿੱਚ ਮਿਹਨਤ ਮਜ਼ਦੂਰੀ ਕਰ ਰਿਹਾ ਸੀ। ਪਰਿਵਾਰ ਵੱਲੋਂ ਦੱਸਣ ਮੁਤਾਬਕ ਬੀਤੀ 4 ਜੁਲਾਈ ਨੂੰ ਕੰਮ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਸ਼ਿਸ਼ਪਾਲ ਸਿੰਘ ਲਾਡੀ, ਮਨਪ੍ਰੀਤ ਸੰਧੂ ਚਮਿਆਰੀ, ਨਵਜੀਤ ਸਿੰਘ ਘਈ ਅਤੇ ਮਨਪ੍ਰੀਤ ਸਿੰਘ ਕੰਬੋਜ ਵੱਲੋਂ ਮ੍ਰਿਤਕ ਸਰੀਰ ਪੀੜਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ। ਟਰੱਸਟ ਦੀ ‘ਮੁਫ਼ਤ ਐਂਬੂਲੈਂਸ ਸੇਵਾ’ ਰਾਹੀਂ ਮ੍ਰਿਤਕ ਸਰੀਰ ਨੂੰ ਘਰ ਤੱਕ ਭੇਜਿਆ ਗਿਆ ਹੈ। ਡਾ. ਉਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਗੁਰਦਾਸਪੁਰ ਜ਼ਿਲ੍ਹਾ ਟੀਮ ਵੱਲੋਂ ਜਲਦੀ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਉਣ ਉਪਰੰਤ ਮ੍ਰਿਤਕ ਦੀ ਪਤਨੀ ਨੂੰ ਲੋੜ ਅਨੁਸਾਰ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।