ਅੰਮ੍ਰਿਤਸਰ ਵਾਸੀਆਂ ਦੇ ਸਹਿਯੋਗ ਨਾਲ ਹੋਵੇਗਾ ਰਾਮ ਬਾਗ ਦਾ ਸੁੰਦਰੀਕਰਨ

ਅੰਮ੍ਰਿਤਸਰ ਵਾਸੀਆਂ ਦੇ ਸਹਿਯੋਗ ਨਾਲ ਹੋਵੇਗਾ ਰਾਮ ਬਾਗ ਦਾ ਸੁੰਦਰੀਕਰਨ

ਮੀਟਿੰਗ ਦੌਰਾਨ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 3 ਦਸੰਬਰ

ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅੱਜ ਇਤਿਹਾਸਕ ਰਾਮ ਬਾਗ (ਕੰਪਨੀ ਬਾਗ) ਦੇ ਵਿਕਾਸ ਤੇ ਸਫਾਈ ਬਾਰੇ ਬਾਗ ਵਿੱਚ ਚੱਲ ਰਹੇ ਤਿੰਨ ਕਲੱਬਾਂ, ਫਨਲੈਂਡ ਅਤੇ ਲਾਅਨ ਟੈਨਿਸ ਐਸੋਸੀਏਸ਼ਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੇਅਰ ਨੇ ਦੱਸਿਆ ਕਿ ਇਹ ਇਤਿਹਾਸਕ ਰਾਮ ਬਾਗ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਹੈ ਜਿਸ ਦੀ ਸਾਂਭ-ਸੰਭਾਲ ਦਾ ਜ਼ਿੰਮਾ ਸਾਡੇ ਸ਼ਹਿਰ ਵਾਸੀਆਂ ਦਾ ਹੈ।

ਉਨ੍ਹਾਂ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਆਪਣੇ ਵੱਲੋਂ ਇਸ ਰਾਮ ਬਾਗ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਅਤੇ ਅਗਾਂਹ ਵੀ ਕਰਦੀ ਰਹੇਗੀ ਪਰ ਇਸ ਨੂੰ ਹੋਰ ਵਧੀਆ ਵਿਕਸਤ ਕਰਨ ਅਤੇ ਇਸ ਦੀ ਸਾਂਭ ਸੰਭਾਲ ਲਈ ਸਭ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਉਪਰਾਲਾ ਕਰਨਾ ਚਾਹੀਦਾ ਹੈ। ਉਹ ਚਾਹੁੰਦੇ ਹਨ ਕਿ ਰਾਮ ਬਾਗ ਦੇ ਵਿਕਾਸ ਲਈ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਵਿੱਚ ਨਗਰ ਨਿਗਮ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਕਲੱਬ, ਲਮਸਡਨ ਕਲੱਬ, ਸਰਵਿਸ ਕਲੱਬ, ਫੰਨਲੈਂਡ, ਲਾਅਨ ਟੈਨਿਸ ਐਸੋਸੀਏਸ਼ਨ ਦੇ ਅਹੁਦੇਦਾਰ ਮੈਂਬਰ ਬਣਾਏ ਜਾਣਗੇ ਅਤੇ ਇਕ ਫੰਡ ਇਕੱਠਾ ਕੀਤਾ ਜਾਵੇਗਾ। ਇਸ ਫੰਡ ਨਾਲ ਰਾਮ ਬਾਗ ਵਿਚ ਕਰਮਚਾਰੀ ਰੱਖ ਕੇ ਉਨ੍ਹਾਂ ਤੋਂ ਇਸ ਦੇ ਰੱਖ ਰਖਾਅ ਤੇ ਸਾਫ ਸਫਾਈ ਦਾ ਪ੍ਰਬੰਧ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪਲੈਨਿੰਗ ਤੇ ਸੁਪਰਵਿਜ਼ਨ ਲਈ ਇਕ ਕੰਸਲਟੈਂਟ ਵੀ ਰੱਖਿਆ ਜਾਵੇਗਾ ।

ਮੇਅਰ ਨੇ ਕਿਹਾ ਕਿ ਨਗਰ ਨਿਗਮ ਪਹਿਲਾਂ ਹੀ ਤਕਰੀਬਨ 1.50 ਕਰੋੜ ਰੁਪਏ ਦੇ ਵਿਕਾਸ ਦੇ ਕੰਮ ਇਸ ਇਤਿਹਾਸਕ ਰਾਮਬਾਗ ਵਿੱਚ ਕਰਨ ਜਾ ਰਿਹਾ ਹੈ ਅਤੇ ਇਸ ਕਮੇਟੀ ਅਧੀਨ ਇਕੱਠੇ ਕੀਤੇ ਜਾਣ ਵਾਲੇ ਫੰਡਾਂ ਤੋਂ ਇਲਾਵਾ ਜੋ ਵੀ ਵੱਡੇ ਪ੍ਰਾਜੈਕਟ ਹੋਣਗੇ, ਉਹ ਨਗਰ ਨਿਗਮ ਅੰਮ੍ਰਿਤਸਰ ਵਲੋਂ ਹੀ ਪੁਰੇ ਕੀਤੇ ਜਾਣਗੇ। ਮੀਟਿੰਗ ਵਿੱਚ ਮੌਜ਼ੂਦ ਕਲੱਬਾਂ ਦੇ ਅਹੁਦੇਦਾਰਾਂ ਵਲੋਂ ਪੁਰੇ ਸਹਿਯੋਗ ਦਾ ਭਰਵਾਂ ਹੁੰਗਾਰਾ ਦਿੱਤਾ ਗਿਆ।

ਇਸ ਮੋਕੇ ਵਿਜੈ ਉਮਟ, ਐੱਸ.ਐੱਸ ਛੀਨਾ, ਲਲਿਤ ਚੰਢੋਕ, ਅਮਨ ਮਹਿਰਾ, ਬੋਬੀ, ਟੰਡਨ ਅਤੇ ਨਗਰ ਨਿਗਮ ਵਲੋਂ ਨਿਗਰਾਨ ਇੰਜੀਨੀਅਰ ਦਪਿੰਦਰ ਸੰਧੂ, ਕਾਰਜਕਾਰੀ ਇੰਜੀਨੀਅਰ ਸੰਦੀਪ ਸਿੰਘ, ਭਲਿੰਦਰ ਸਿੰਘ, ਸਿਹਤ ਅਫ਼ਸਰ ਡਾ. ਯੋਗੇਸ਼ ਅਰੋੜਾ, ਸੈਨੇਟਰੀ ਇੰਸਪੈਕਟ ਵਿਜੈ ਸ਼ਰਮਾ ਆਦਿ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All