DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੀਂਹ ਪੈਣ ਨਾਲ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵਧਿਆ

ਮੀਂਹ ਅਤੇ ਗਡ਼ਿਆਂ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾੲੀਆਂ

  • fb
  • twitter
  • whatsapp
  • whatsapp
featured-img featured-img
ਪਾਣੀ ਵਧਣ ਮਗਰੋਂ ਰਣਜੀਤ ਸਾਗਰ ਡੈਮ ਦੀ ਝੀਲ ਦਾ ਦ੍ਰਿਸ਼।
Advertisement

ਲਗਾਤਾਰ ਦੋ ਦਿਨਾਂ ਤੋਂ ਪਹਾੜੀ ਖੇਤਰਾਂ ਵਿੱਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਅਤੇ ਹੇਠਲੇ ਖੇਤਰਾਂ ਵਿੱਚ ਸਿੰਜਾਈ ਲਈ ਪਾਣੀ ਦੀ ਮੰਗ ਘਟ ਜਾਣ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵਧਿਆ ਹੈ। ਇਸ ਨਾਲ ਆਉਣ ਵਾਲੀਆਂ ਗਰਮੀਆਂ ਦੌਰਾਨ ਬਿਜਲੀ ਉਤਪਾਦਨ ਨੂੰ ਕਾਫ਼ੀ ਲਾਭ ਹੋਵੇਗਾ। ਇਸ ਤੋਂ ਇਲਾਵਾ, ਕਣਕ ਦੀ ਵਾਢੀ ਦਾ ਸੀਜ਼ਨ ਹੁਣ ਚੱਲ ਰਿਹਾ ਹੈ, ਸਿੰਜਾਈ ਲਈ ਪਾਣੀ ਦੀ ਮੰਗ ਨਾ-ਮਾਤਰ ਰਹੀ ਹੈ, ਜਿਸ ਦੇ ਨਤੀਜੇ ਵਜੋਂ ਬਿਜਲੀ ਉਤਪਾਦਨ ਵਿੱਚ ਕਮੀ ਆਈ ਹੈ ਅਤੇ ਬਹੁਤ ਘੱਟ ਮਾਤਰਾ ਵਿੱਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਡੈਮ ਪ੍ਰਸ਼ਾਸਨ ਅਨੁਸਾਰ, ਝੀਲ ਵਿੱਚ ਪਾਣੀ ਦਾ ਪੱਧਰ ਇਸ ਸਮੇਂ ਕਾਫ਼ੀ ਵਧਿਆ ਹੈ, ਇੱਕ ਦਿਨ ਪਹਿਲਾਂ ਇਹ 514.50 ਮੀਟਰ ਸੀ, ਜਦ ਕਿ ਅੱਜ ਇਹ ਵਧ ਕੇ 514.67 ਮੀਟਰ ਤੱਕ ਪੁੱਜ ਗਿਆ ਹੈ। ਜਾਣਕਾਰੀ ਅਨੁਸਾਰ ਰਣਜੀਤ ਸਾਗਰ ਡੈਮ ਦੇ ਉੱਪਰ ਸਥਿਤ ਹਿਮਾਚਲ ਪ੍ਰਦੇਸ਼ ਦੇ ਚਮੇਰਾ ਪ੍ਰਾਜੈਕਟ ਤੋਂ 4,326 ਕਿਊਸਿਕ ਪਾਣੀ ਡੈਮ ਦੀ ਝੀਲ ਵਿੱਚ ਦਾਖਲ ਹੋ ਰਿਹਾ ਹੈ, ਜਿਸ ਨਾਲ ਝੀਲ ਵਿੱਚ ਪਾਣੀ ਦਾ ਪੱਧਰ ਇੱਕ ਦਿਨ ਵਿੱਚ 17 ਸੈਂਟੀਮੀਟਰ ਵਧ ਗਿਆ ਹੈ। ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ ਹਰ ਰੋਜ਼ ਲਗਪਗ 12 ਲੱਖ ਯੂਨਿਟ ਬਿਜਲੀ ਪੈਦਾ ਕਰਕੇ 5129 ਕਿਊਸਿਕ ਪਾਣੀ ਹੇਠਾਂ ਪੈਂਦੇ ਸ਼ਾਹਪੁਰਕੰਢੀ ਬੈਰਾਜ ਡੈਮ ਝੀਲ ਵਿੱਚ ਛੱਡਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਰਣਜੀਤ ਸਾਗਰ ਡੈਮ ਪ੍ਰਾਜੈਕਟ ’ਤੇ 12 ਮਿਲੀਮੀਟਰ, ਬਸੋਹਲੀ ਵਿੱਚ 25, ਸ਼ਾਹਰਟੀ ਵਿੱਚ 28.4 , ਪੱਟਾ ਵਿੱਚ 11, ਸ਼ਾਹਪੁਰਕੰਢੀ ਵਿੱਚ 4 ਮਿਲੀਮੀਟਰ ਬਾਰਿਸ਼ ਹੋਈ।

ਤਰਨ ਤਾਰਨ (ਗੁਰਬਖਸ਼ਪੁਰੀ): ਅੱਜ ਜ਼ਿਲ੍ਹੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪਈ। ਜ਼ਿਲ੍ਹੇ ਦੇ ਪਿੰਡ ਕਸੇਲ, ਢੰਡ, ਹਰਬੰਸਪੁਰ ਵਿੱਚ ਗੜੇ ਵੀ ਪਏ। ਮੁੱਖ ਖੇਤੀਬਾੜੀ ਅਧਿਕਾਰੀ ਤੇਜਬੀਰ ਸਿੰਘ ਭੰਗੂ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚ ਤਰਨ ਤਾਰਨ ਤੇ ਆਸ ਪਾਸ ਤੋਂ ਇਲਾਵਾ ਝਬਾਲ, ਗੰਡੀਵਿੰਡ ਸਰਾਂ, ਘੜਿਆਲਾ, ਖੇਮਕਨਰ, ਖਡੂਰ ਸਾਹਿਬ, ਆਦਿ ਇਲਾਕਿਆਂ ਤੋਂ ਦਿਨ ਭਰ ਰੁਕ ਰੁਕ ਕੇ ਮੀਂਹ ਪਿਆ। ਪਿੰਡ ਪੰਡੋਰੀ ਰਹਿਮਾਨਾਂ ਦੇ ਕਿਸਾਨ ਅਤੇ ਸਾਬਕਾ ਸਰਪੰਚ ਸਲਵਿੰਦਰ ਸਿੰਘ ਨੇ ਕਿਹਾ ਕਿ ਮੀਂਹ ਕਾਰਨ ਕਣਕ ਵਿਛ ਗਈ ਹੈ।

Advertisement

ਜਲੰਧਰ (ਹਤਿੰਦਰ ਮਹਿਤਾ): ਅੱਜ ਸ਼ਾਮ ਇਲਾਕੇ ਵਿੱਚ ਤੇਜ਼ ਮੀਂਹ ਅਤੇ ਗੜੇ ਪੈਣ ਨਾਲ ਕਣਕ ਦੀ ਤਿਆਰ ਫਸਲ ਨੂੰ ਭਾਰੀ ਨੁਕਸਾਨ ਪੁੱਜਿਆ। ਇਸ ਬੇਮੌਸਮੀ ਮੀਂਹ ਕਾਰਨ ਕਿਸਾਨ ਕਾਫੀ ਨਿਰਾਸ਼ ਹਨ। ਅੱਜ ਸ਼ਾਮ ਪੰਜ ਵਜੇ ਦੇ ਕਰੀਬ ਪਹਿਲਾਂ ਤੇਜ਼ ਬਾਰਿਸ਼ ਸ਼ੁਰੂ ਹੋਈ ਅਤੇ ਇਸ ਦੇ ਨਾਲ ਹੀ ਗੜੇ ਪੈਣੇ ਸ਼ੁਰੂ ਹੋ ਗਏ। ਇਸ ਨਾਲ ਤਿਆਰ ਖੜ੍ਹੀ ਫਸਲ ਨੁਕਸਾਨੀ ਗਈ ਅਤੇ ਕਈ ਥਾਈਂ ਕਣਕ ਦੀ ਫ਼ਸਲ ਧਰਤੀ ਉੱਤੇ ਵਿਛ ਗਈ। ਮੀਂਹ ਕਾਰਨ ਇਲਾਕੇ ਦੇ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ।

Advertisement

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅੱਜ ਇੱਥੇ ਦੂਜੇ ਦਿਨ ਵੀ ਲਗਾਤਾਰ ਬਾਰਿਸ਼ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦਾ ਸਿਲਸਿਲਾ ਜਾਰੀ ਰਿਹਾ ਹੈ। 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਲਗਪਗ 10 ਐੱਮ ਐੱਮ ਬਾਰਿਸ਼ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਸ਼ਹਿਰ ਵਿੱਚ ਅੱਜ ਗੜੇ ਪਏ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 26.8 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 15.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਫਸਲਾਂ ਨੂੰ ਨੁਕਸਾਨ ਪੁੱਜਿਆ ਹੈ।

ਗੜੇਮਾਰੀ ਅਤੇ ਮੀਂਹ ਨਾਲ ਫਸਲਾਂ ਨੁਕਸਾਨੀਆਂ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਅੱਜ ਦੇਰ ਸ਼ਾਮ ਇਲਾਕੇ ਦੇ ਪਿੰਡ ਰੂਪੇਵਾਲ, ਕਾਸ਼ੂਪੁਰ, ਈਸੇਵਾਲ, ਮੱਲ੍ਹੀਵਾਲ, ਦੌਲਤਪੁਰ ਢੱਡਾ, ਦਿਲਖਾਹਪੁਰ ਢੱਡਾ,ਖਾਨਪੁਰ ਢੱਡਾ, ਹੁੰਦਲ ਢੱਡਾ, ਚਵਿੰਡਾ, ਕੋਟਲਾ ਹੇਰਾਂ, ਬਿੱਲੀ ਵੜੈਚ, ਬਿੱਲੀ ਚਾਉ, ਡੱਬਰੀ (ਮਲਸੀਆਂ), ਖਾਨਪੁਰ ਰਾਜਪੂਤਾਂ ਅਤੇ ਮੀਏਂਵਾਲ ਮੌਲਵੀਆਂ ਵਿਚ ਭਾਰੀ ਗੜੇਮਾਰੀ ਹੋਈ। ਭਾਰੀ ਗੜੇਮਾਰੀ ਨਾਲ ਕਿਸਾਨਾਂ ਦੀ ਕਣਕ, ਸਰ੍ਹੋਂ, ਸਬਜ਼ੀਆਂ, ਹਰਾ ਚਾਰਾ,ਖਰਬੂਜਾ, ਹਦਵਾਣਾ ਅਤੇ ਮੱਕੀ ਦੀਆਂ ਫਸਲਾਂ ਨੁਕਸਾਨੀਆਂ ਗਈਆਂ। ਮੀਏਂਵਾਲ ਅਰਾਈਆਂ, ਮਾਲੂਪੁਰ, ਰਾਈਵਾਲ, ਤਲਵੰਡੀ ਮਾਧੋ, ਕੁਲਾਰ, ਨਿਮਾਜਪੁਰ, ਕੋਟਲੀ ਗਾਜਰਾਂ ਅਤੇ ਸੋਹਲ ਖਾਲਸਾ ਵਿਚ ਹਲਕੀ ਗੜੇਮਾਰੀ ਹੋਈ। ਮੀਂਹ ਨਾਲ ਨੀਵੀਆਂ ਥਾਵਾਂ ਅਤੇ ਖੇਤ ਪਾਣੀ ਨਾਲ ਭਰ ਗਏ। ਰੂਪੇਵਾਲ ਦੇ ਕਿਸਾਨ ਦਰਬਾਰਾ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਕਰੀਬ ਸੈਂਕੜੇ ਏਕੜ ਹਦਵਾਣਾ ਤੇ ਖਰਬੂਜਾ ਬੀਜਿਆ ਹੋਇਆ ਹੈ ਜੋ ਗੜਿਆਂ ਦੀ ਮਾਰ ਵਿਚ ਆਇਆ ਹੈ। ਬਾਗਪੁਰ ਦੇ ਕਿਸਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਵਿਚ ਜ਼ਿਆਦਾ ਮੱਕੀ ਦੀ ਬਿਜਾਈ ਕੀਤੀ ਹੋਈ ਹੈ।

Advertisement
×