ਅੱਜ ਇੱਥੇ ਫਿਰ ਮੀਂਹ ਪਿਆ, ਜਿਸ ਨੇ ਕਿਸਾਨਾਂ ਨੂੰ ਮੁੜ ਫਿਕਰਾਂ ਵਿੱਚ ਪਾ ਕੇ ਰੱਖ ਦਿੱਤਾ ਹੈ। ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਾਸੀ ਕਿਸਾਨ ਦਲਬੀਰ ਸਿੰਘ ਨੇ ਦੱਸਿਆ ਕਿ ਅੱਜ ਦਿਨ ਭਰ ਅਸਮਾਨ ਵਿੱਚ ਧੁੱਪ ਰਹੀ ਅਤੇ ਸ਼ਾਮ ਦੇ ਤਿੰਨ ਵਜੇ ਦੇ ਕਰੀਬ ਦੋ ਘੰਟੇ ਦਰਮਿਆਨੀ ਬਾਰਸ਼ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਮੀਂਹ ਨੇ ਕਣਕ ਦੀ ਆਮਦ ਨੂੰ ਲੇਟ ਕਰਕੇ ਰੱਖ ਦਿੱਤਾ ਹੈ। ਕਿਸਾਨ ਦਲਬੀਰ ਸਿੰਘ ਨੇ ਕਿਹਾ ਕਿ ਵੈਸੇ ਅੱਜ ਤੱਕ ਦੀ ਬਾਰਸ਼ ਨੇ ਕਣਕ ਦੀ ਵਾਢੀ ਨੂੰ ਲੇਟ ਹੀ ਕੀਤਾ ਹੈ ਅਤੇ ਜਿੱਥੇ ਜਿੱਥੇ ਫਸਲਾਂ ਜ਼ਮੀਨ ’ਤੇ ਵਿਛ ਗਈਆਂ ਹਨ ਉੱਥੋਂ ਕੰਬਾਈਨ ਨਾਲ ਵਾਢੀ ਕਰਨ ਵਿੱਚ ਮੁਸ਼ਕਲ ਆਵੇਗੀ। ਇਸ ਨਾਲ ਕੰਬਾਈਨਾਂ ਵਾਲਿਆਂ ਦਾ ਵਾਢੀ ਦਾ ਰੇਟ ਵੱਧ ਜਾਣ ਦੀ ਸੰਭਾਵਨਾ ਬਣ ਗਈ ਹੈ। ਜ਼ਿਲ੍ਹੇ ਦੇ ਹੋਰਨਾਂ ਥਾਵਾਂ ਦੀ ਤੁਲਨਾ ਝਬਾਲ ਇਲਾਕੇ ਵਿੱਚ ਬਾਰਸ਼ ਘੱਟ ਹੋਈ ਹੈ। ਇਸ ਇਲਾਕੇ ਦੇ ਪਿੰਡ ਕਸੇਲ ਦੇ ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਅਸਮਾਨ ਵਿੱਚ ਬਦਲਵਾਈ ਜ਼ਰੂਰ ਰਹੀ ਹੈ ਅਤੇ ਇਸ ਨਾਲ ਕਿਤੇ-ਕਿਤੇ ਬੂੰਦਾਂਬਾਂਦੀ ਹੋਈ ਹੈ।
ਬਟਾਲਾ (ਦਲਬੀਰ ਸੱਖੋਵਾਲੀਆ): ਅੱਜ ਬਟਾਲਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਅਤੇ ਉਸ ਤੋਂ ਪਹਿਲਾਂ ਤੇਜ਼ ਹਵਾਵਾਂ ਚੱਲਣ ਨਾਲ ਜਿੱਥੇ ਪੱਕਣ ਕੰਢੇ ਖੜ੍ਹੀ ਕਣਕ ਦੀ ਫ਼ਸਲ ਜ਼ਮੀਨ ’ਤੇ ਵਿਛ ਗਈ ਹੈ, ਉਥੇ ਅੰਬਾਂ ਅਤੇ ਹੋਰ ਫਲ਼ਦਾਰ ਪੌਦਿਆਂ ਨੂੰ ਪਿਆ ਬੂਰ ਝੜ ਗਿਆ ਹੈ। ਉਧਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰਾਜਗੁਰਵਿੰਦਰ ਸਿੰਘ ਘੁਮਾਣ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੀਂਹ ਨਾਲ ਨੁਕਸਾਨੀਆਂ ਕਣਕਾਂ ਦਾ ਕਿਸਾਨਾਂ ਨੂੰ ਜਲਦ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਮੌਸਮ ਦੀ ਖਰਾਬੀ ਕਾਰਨ ਕਣਕ ਦੀ ਵਾਢੀ ਦਾ ਕੰਮ ਪਛੜ ਗਿਆ ਹੈ। ਕਈ ਥਾਵਾਂ ’ਤੇ ਤਾਂ ਪਹਿਲਾਂ ਤੋਂ ਹੀ ਖੇਤਾਂ ਵਿੱਚ ਵਿਛੀ ਪਈ ਕਣਕ ਵਿੱਚ ਪਾਣੀ ਖੜ੍ਹਾ ਹੈ।
ਪਠਾਨਕੋਟ (ਐੱਨ ਪੀ ਧਵਨ): ਇੱਥੇ ਨੇੜਲੇ ਸਰਹੱਦੀ ਖੇਤਰਾਂ ਵਿੱਚ ਅੱਜ ਮੌਸਮ ਨੇ ਅਚਾਨਕ ਕਰਵਟ ਲਈ। ਸਵੇਰੇ ਹਲਕੀ ਧੁੱਪ ਨਿਕਲੀ ਪਰ ਦੁਪਹਿਰ ਨੂੰ ਅਚਾਨਕ ਕਾਲੇ ਬੱਦਲ ਛਾ ਗਏ ਅਤੇ ਭਾਰੀ ਮੀਂਹ ਅਤੇ ਗੜੇਮਾਰੀ ਨਾਲ ਸ਼ਹਿਰ ਦੀਆਂ ਗਲੀਆਂ ਕੁਝ ਹੀ ਪਲਾਂ ਵਿੱਚ ਜਲਥਲ ਹੋ ਗਈ। ਇੱਥੇ ਇੱਕ ਘੰਟੇ ਤੱਕ ਭਾਰੀ ਮੀਂਹ ਜਾਰੀ ਰਿਹਾ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਮੀਂਹ ਤੋਂ ਥੋੜ੍ਹੀ ਦੇਰ ਬਾਅਦ, ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚ ਭਾਰੀ ਗੜੇਮਾਰੀ ਹੋਈ।
ਕਾਦੀਆਂ (ਸੁੱਚਾ ਸਿੰਘ ਪਸਨਾਵਾਲ): ਅੱਜ ਸ਼ਾਮ ਨੂੰ ਕਾਦੀਆਂ ਇਲਾਕੇ ਵਿੱਚ ਫਿਰ ਤੋਂ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨਾਲ ਹਲਕੇ ਗੜੇ ਪੈਣ ਕਾਰਨ ਕਿਸਾਨਾਂ ਦੀਆਂ ਹੋਰ ਚਿੰਤਾਵਾਂ ਵੱਧ ਗਈਆਂ ਹਨ। ਮਾਰਕੀਟ ਕਮੇਟੀ ਕਾਦੀਆਂ ਦੇ ਸਕੱਤਰ ਬਲਬੀਰ ਸਿੰਘ ਨੇ ਦੱਸਿਆ ਕਾਦੀਆਂ ਮਾਰਕੀਟ ਕਮੇਟੀ ਅਧੀਨ ਕਿਸੇ ਵੀ ਮੰਡੀ ਵਿੱਚ ਅਜੇ ਤੱਕ ਕਣਕ ਦਾ ਇਕ ਦਾਣਾ ਤੱਕ ਨਹੀਂ ਪਹੁੰਚਿਆ। ਕਿਸਾਨ ਭਜਨ ਸਿੰਘ ਰੰਧਾਵਾ, ਬਾਬਾ ਅਜੈਬ ਸਿੰਘ ਧਾਰੀਵਾਲ ਕਲਾਂ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਨੇ ਹਰ ਖੇਤਰ ਨੂੰ ਚਿੰਤਤ ਕਰ ਦਿੱਤਾ ਹੈ।
ਕਿਸਾਨ ਆਗੂਆਂ ਨੇ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ ਲਿਆ
ਫਤਿਹਗੜ ਚੂੜੀਆਂ (ਰਣਵੀਰ ਸਿੰਘ ਮਿੰਟੂ): ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਕਿਸਾਨਾਂ ਨੇ ਜ਼ਿਲਾ ਗੁਰਦਾਸਪੁਰ ਦੇ ਪਿੰਡ ਮੰਜਿਆਂਵਾਲੀ, ਮੁਰੀਦ ਕੇ, ਖੋਖਰ, ਠੱਠਾ, ਚਿਤੌੜਗੜ, ਤੇਜਾ ਵੀਲਾ, ਘਣੀਕੇ ਕੇ ਬਾਂਗਰ ਅਤੇ ਕਾਲਾ ਅਫਗਾਨਾ ਵਿੱਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਕਾਰਨ ਨੁਕਸਾਨੀ ਪੱਕੀ ਕਣਕ ਦੀ ਫਸਲ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਨੁਕਸਾਨੀ ਫਸਲ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣ ਦਾ ਐਲਾਨ ਕਰੇ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ, ਗੰਨਾ, ਸਬਜ਼ੀਆਂ, ਘਰਾਂ, ਪਸ਼ੂਆਂ ਅਤੇ ਮਨੁੱਖੀ ਜਾਨਾਂ ਦੀ ਨੁਕਸਾਨ ਹੋਇਆ ਸੀ, ਜਿਸ ਦਾ ਮੁਆਵਜ਼ਾ ਲੋਕਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ। ਇਸ ਕਾਰਨ ਕਿਸਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹਨ। ਇਸ ਲਈ ਪੰਜਾਬ ਸਰਕਾਰ ਖੇਤੀ ਦੇ ਖੇਤਰ ਲਈ ਢੁਕਵੀਂ ਨੀਤੀ ਲਾਗੂ ਕਰੇ ਜਿਸ ਨਾਲ ਕਿਸਾਨ ਖੁਸ਼ਹਾਲ ਜੀਵਨ ਬਤੀਤ ਕਰ ਸਕਣ। ਇਸ ਮੌਕੇ ਸੁਖਬੀਰ ਸਿੰਘ, ਕਰਨੈਲ ਸਿੰਘ, ਦਲਜੀਤ ਸਿੰਘ, ਜਰਨੈਲ ਸਿੰਘ, ਅਜੀਤ ਸਿੰਘ, ਕੁਲਬੀਰ ਸਿੰਘ ਤੇ ਨਿਸ਼ਾਨ ਸਿੰਘ ਹਾਜ਼ਰ ਸਨ।

