ਮੀਂਹ ਅਤੇ ਗੜਿਆਂ ਨੇ ਕਿਸਾਨਾਂ ਦੇ ਸਾਹ ਸੂਤੇ
ਅਗਲੇ ਦੋ ਦਿਨ ਹੋਰ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ; ਕਣਕ ਦੀ ਵਾਢੀ ਪੱਛੜਨ ਦਾ ਖਦਸ਼ਾ
ਇੱਥੇ ਅੱਜ ਮੁੜ ਤੇਜ਼ ਹਵਾਵਾਂ ਨਾਲ ਮੀਂਹ ਪਿਆ ਅਤੇ ਕਈ ਥਾਵਾਂ ’ਤੇ ਗੜੇਮਾਰੀ ਵੀ ਹੋਈ। ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਅਤੇ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਜਿੱਥੇ ਫਸਲਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਕਣਕ ਦੀ ਵਾਢੀ ਦੇ ਪੱਛੜ ਜਾਣ ਦੀ ਵੀ ਪੂਰੀ ਸੰਭਾਵਨਾ ਬਣ ਗਈ ਹੈ। ਇਸ ਤੋਂ ਪਹਿਲਾਂ ਬੀਤੀ ਰਾਤ ਵੀ ਬੱਦਲਵਾਈ ਅਤੇ ਹਲਕੀ ਕਿਣਮਿਣ ਹੋਈ ਸੀ। ਅੱਜ ਸਵੇਰੇ ਵੀ ਬੱਦਲਵਾਈ ਬਣੀ ਰਹੀ ਅਤੇ ਬਾਅਦ ਵਿੱਚ ਮੀਂਹ ਸ਼ੁਰੂ ਹੋ ਗਿਆ। ਦਿਨ ਭਰ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਅਤੇ ਸ਼ਾਮ ਵੇਲੇ ਮੁੜ ਤੇਜ਼ ਹਵਾਵਾਂ ਨਾਲ ਬਰਸਾਤ ਹੋਈ। ਇਸ ਦੌਰਾਨ ਅੰਮ੍ਰਿਤਸਰ ਸ਼ਹਿਰ ਸਮੇਤ ਦਿਹਾਤੀ ਖੇਤਰਾਂ ਵਿੱਚ ਕੁਝ ਥਾਵਾਂ ’ਤੇ ਗੜੇ ਪੈਣ ਦੀ ਵੀ ਜਾਣਕਾਰੀ ਮਿਲੀ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 1.2 ਐੱਮ ਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਦੌਰਾਨ ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 26.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 19.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਅਗਲੇ ਇੱਕ-ਦੋ ਦਿਨ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਖੇਤੀ ਮਾਹਰਾਂ ਅਨੁਸਾਰ ਇਸ ਵੇਲੇ ਕਣਕ ਦੀ ਫਸਲ ਪੱਕਣ ਕੰਢੇ ਖੜ੍ਹੀ ਹੈ ਅਤੇ ਅਗੇਤੀ ਬੀਜੀ ਹੋਈ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਪਰ ਮੀਂਹ ਕਾਰਨ ਹੁਣ ਫਸਲ ਦੀ ਵਾਢੀ ਪੱਛੜ ਸਕਦੀ ਹੈ। ਇਸ ਵੇਲੇ ਪੈ ਰਹੀ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਕਿਸਾਨ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਈ ਥਾਵਾਂ ’ਤੇ ਫਸਲਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ। ਤੇਜ਼ ਹਵਾਵਾਂ ਕਾਰਨ ਫਸਲਾਂ ਦੇ ਸਿੱਟੇ ਹੇਠਾਂ ਡਿੱਗ ਗਏ ਹਨ, ਜਿਸ ਨਾਲ ਕਣਕ ਦੇ ਝਾੜ, ਦਾਣਿਆਂ ਦੇ ਰੰਗ ਅਤੇ ਸਮੁੱਚੀ ਫਸਲ ਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਡੂੰਘਾ ਖਦਸ਼ਾ ਹੈ।
ਜ਼ਿਕਰਯੋਗ ਹੈ ਕਿ ਇਸ ਵਾਰ ਮਾਰਚ ਦੇ ਮਹੀਨੇ ਵਿੱਚ ਹੀ ਅਚਨਚੇਤ ਤਾਪਮਾਨ ਵੱਧ ਗਿਆ ਸੀ ਅਤੇ ਪਾਰਾ 30 ਡਿਗਰੀ ਸੈਲਸੀਅਸ ਤੱਕ ਚਲਾ ਗਿਆ ਸੀ। ਮਾਰਚ ਮਹੀਨੇ ਵਿੱਚ ਲੋੜ ਤੋਂ ਵਧੇਰੇ ਤਾਪਮਾਨ ਹੋਣ ਕਰਕੇ ਵੀ ਕਈ ਥਾਵਾਂ ’ਤੇ ਫਸਲਾਂ ਦਾ ਨੁਕਸਾਨ ਹੋਇਆ ਸੀ ਅਤੇ ਹੁਣ ਬਰਸਾਤ ਨੇ ਕਿਸਾਨਾਂ ਦੀਆਂ ਫਿਕਰਾਂ ਵਿੱਚ ਹੋਰ ਵਾਧਾ ਕਰ ਦਿੱਤਾ ਹੈ।
ਤਰਨ ਤਾਰਨ ਵਿੱਚ ਵੀ ਮੀਂਹ
ਤਰਨ ਤਾਰਨ (ਗੁਰਬਖਸ਼ਪੁਰੀ): ਇੱਥੇ ਅੱਜ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਥੋੜ੍ਹੇ ਸਮੇਂ ਲਈ ਮੀਂਹ ਪਿਆ, ਜਿਸ ਨਾਲ ਜਿੱਥੇ ਮੌਸਮ ਵਿੱਚ ਨਮੀ ਦੀ ਮਾਤਰਾ ਵੱਧ ਗਈ, ਉੱਥੇ ਹੀ ਕਿਸਾਨਾਂ ਲਈ ਨਵੀਂ ਮੁਸ਼ਕਲ ਪੈਦਾ ਹੋ ਗਈ ਹੈ। ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਪਹਿਲਾਂ ਹੀ ਸੂਤ ਕੇ ਰੱਖ ਦਿੱਤੇ ਹਨ। ਜ਼ਿਲ੍ਹੇ ਵਿੱਚ ਅੱਜ ਸਵੇਰ ਤੋਂ ਹੀ ਅਸਮਾਨ ਵਿੱਚ ਬੱਦਲਵਾਈ ਬਣੀ ਹੋਈ ਸੀ। ਖੇਤਾਂ ਵਿੱਚ ਕਣਕ ਦੀਆਂ ਫਸਲਾਂ ਪਹਿਲਾਂ ਹੀ ਪੂਰੀ ਤਰ੍ਹਾਂ ਪੱਕੀਆਂ ਹੋਈਆਂ ਹਨ ਅਤੇ ਇਸ ਮੀਂਹ ਨੂੰ ਪੱਕੀ ਫਸਲ ਲਈ ਬੇਹੱਦ ਨੁਕਸਾਨਦੇਹ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਤਰਨ ਤਾਰਨ ਤੋਂ ਇਲਾਵਾ ਝਬਾਲ, ਗੰਡੀਵਿੰਡ ਸਰਾਂ, ਗੋਹਲਵੜ੍ਹ, ਸਰਹਾਲੀ ਅਤੇ ਚੋਹਲਾ ਸਾਹਿਬ ਆਦਿ ਥਾਵਾਂ ’ਤੇ ਵੀ ਮੀਂਹ ਪਿਆ।

