ਐਨਪੀ.ਧਵਨ
ਪਠਾਨਕੋਟ, 22 ਜਨਵਰੀ
ਪਠਾਨਕੋਟ ਜ਼ਿਲ੍ਹੇ ਦੀ ਪੁਲੀਸ ਨੇ ਨਾਜਾਇਜ਼ ਮਾਈਨਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਦੇ ਸਟੋਨ ਕਰੱਸ਼ਰ ਸਮੇਤ 2 ਕਰੱਸ਼ਰਾਂ ’ਤੇ ਛਾਪੇ ਮਾਰੇ ਅਤੇ ਨਾਜਾਇਜ਼ ਮਾਈਨਿੰਗ ਵਿੱਚ ਲੱਗੀ ਮਸ਼ੀਨਰੀ ਨੂੰ ਵੀ ਕਬਜ਼ੇ ਵਿੱਚ ਲਿਆ। ਇਨ੍ਹਾਂ ਵਿੱਚੋਂ ਇੱਕ ਕ੍ਰਿਸ਼ਨਾ ਨਾਂ ਦਾ ਸਟੋਨ ਕਰੱਸ਼ਰ ਕੀੜੀਆਂ ਵਿਖੇ ਲੱਗਾ ਹੋਇਆ ਹੈ ਜੋ ਕਿ ਵਿਧਾਇਕ ਜੋਗਿੰਦਰ ਪਾਲ ਨਾਲ ਸਬੰਧਤ ਹੈ ਜਦ ਕਿ ਦੂਸਰਾ ਜ਼ਿਮੀਂਦਾਰਾ ਸਟੋਨ ਕਰੱਸ਼ਰ ਨਰੋਟ ਜੈਮਲ ਸਿੰਘ ਵਿਖੇ ਹੈ ਜੋ ਕਿ ਇੱਕ ਸਾਬਕਾ ਪੁਲੀਸ ਅਧਿਕਾਰੀ ਦਾ ਹੈ। ਇਸ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਨੇ ਭਾਗ ਲਿਆ। ਕਾਰਵਾਈ ਦੀ ਅਗਵਾਈ ਐਸਪੀ (ਪੀਆਈਬੀ) ਗੁਰਵਿੰਦਰ ਸਿੰਘ ਸਾਂਘਾ ਅਤੇ ਏਐਸਪੀ (ਦਿਹਾਤੀ) ਅਦਿਤਿਆ ਆਈਪੀਐਸ ਕਰ ਰਹੇ ਸਨ। ਜਦ ਕਿ ਜ਼ਿਲ੍ਹਾ ਪੁਲੀਸ ਮੁਖੀ ਖੁਦ ਇਸ ਦੀ ਨਿਗਰਾਨੀ ਕਰ ਰਹੇ ਸਨ।
ਇਹ ਕਾਰਵਾਈ ਇੰਨੇ ਗੁਪਤ ਢੰਗ ਨਾਲ ਕੀਤੀ ਗਈ ਕਿ ਛਾਪੇ ’ਤੇ ਜਾਣ ਤੋਂ ਪਹਿਲਾਂ ਸਾਰੇ ਪੁਲੀਸ ਅਧਿਕਾਰੀਆਂ ਦੇ ਮੋਬਾਈਲ ਫੋਨ ਬੰਦ ਕਰਵਾ ਦਿੱਤੇ ਗਏ ਤਾਂ ਜੋ ਵਿਧਾਇਕ ਨੂੰ ਇਸ ਦੀ ਭਿਣਕ ਨਾ ਲੱਗ ਸਕੇ। ਇਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਜਾਇਜ਼ ਮਾਈਨਿੰਗ ਅਤੇ ਰੇਤਾ, ਬੱਜਰੀ ਲੋਕਾਂ ਨੂੰ ਸਸਤੇ ਰੇਟਾਂ ’ਤੇ ਮੁਹੱਈਆ ਕਰਵਾਉਣ ਦਾ ਇੱਕ ਮੁੱਦਾ ਬਣਿਆ ਸੀ ਪਰ ਨਾ ਤਾਂ ਨਾਜਾਇਜ਼ ਮਾਈਨਿੰਗ ਹੀ ਰੁਕੀ ਅਤੇ ਨਾ ਹੀ ਰੇਟ ਘੱਟ ਸਕੇ ਸਗੋਂ ਰੇਟ ਪਹਿਲਾਂ ਨਾਲੋਂ ਵੀ ਵਧ ਗਏ।
ਜ਼ਿਲ੍ਹਾ ਮਾਈਨਿੰਗ ਅਫਸਰ ਗਗਨ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਹਨ। ਉਨ੍ਹਾਂ ਮੰਨਿਆ ਕਿ ਅੱਜ ਛਾਪੇ ਮਾਰੇ ਗਏ ਹਨ ਅਤੇ ਉਹ ਭਲਕੇ ਸਾਰੇ ਰਿਕਾਰਡ ਦੀ ਪੜਤਾਲ ਕਰਨਗੇ। ਉਹ ਇਹ ਵੀ ਦੇਖਣਗੇ ਕਿ ਸਟੋਨ ਕਰੱਸ਼ਰਾਂ ਉਪਰ ਕਿੰਨਾ ਮਾਲ ਰੇਤਾ, ਬੱਜਰੀ ਦਾ ਤਿਆਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਬੰਧਤ ਵਿਧਾਇਕ ਦੀ ਅਧਿਕਾਰੀਆਂ ਨਾਲ ਬੋਲ ਬਾਣੀ ਵੀ ਠੀਕ ਨਹੀਂ ਹੁੰਦੀ। ਪਿਛਲੇ ਸਾਲ ਅਕਤੂਬਰ ਮਹੀਨੇ ਵਿੱਚ ਡੇਅਰੀਵਾਲ ਪਿੰਡ ਵਿੱਚ ਕਾਸ਼ਤਕਾਰ ਕਿਸਾਨਾਂ ਦੀਆਂ ਜ਼ਮੀਨਾਂ ਤੇ ਨਗਰ ਨਿਗਮ ਵਲੋਂ ਪੁਲੀਸ ਪ੍ਰਸ਼ਾਸਨ ਦੀ ਮਦਦ ਨਾਲ ਨਿਸ਼ਾਨਦੇਹੀ ਕਰਨ ਸਮੇਂ ਵੀ ਵਿਧਾਇਕ ਵਲੋਂ ਪੁਲੀਸ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ ਗਈ ਸੀ ਜਿਸ ਦੀ ਉਸ ਵੇਲੇ ਵੀਡੀਓ ਵਾਇਰਲ ਹੋਈ ਸੀ ਤੇ ਉਸ ਵੇਲੇ ਇਹ ਮੁੱਦਾ ਕਾਫੀ ਭਖਿਆ ਸੀ। ਮਾਮਲੇ ਸਬੰਧੀ ਵਿਧਾਇਕ ਨੂੰ ਫੋਨ ਕੀਤਾ ਗਿਆ ਪਰ ਵਾਰ ਵਾਰ ਫੋਨ ਕਰਨ ’ਤੇ ਫੋਨ ਨਹੀਂ ਚੁੱਕਿਆ।
ਕੀ ਕਹਿੰਦੇ ਨੇ ਜ਼ਿਲ੍ਹਾ ਪੁਲੀਸ ਮੁਖੀ
ਜ਼ਿਲ੍ਹਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਲਾਜ਼ਮਾਂ ਨੇ ਇਹ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਕਰੱਸ਼ਰ ਪਿਛਲੇ ਕਈ ਦਿਨਾਂ ਤੋਂ ਨਾਜਾਇਜ਼ ਮਾਈਨਿੰਗ ਵਿੱਚ ਲੱਗੇ ਹੋਏ ਸਨ ਤੇ ਇਨ੍ਹਾਂ ਉਪਰ ਤਿੱਖੀ ਨਜ਼ਰ ਰੱਖੀ ਜਾ ਰਹੀ ਸੀ। ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਅਧਿਕਾਰੀ ਵਲੋਂ ਸਰਕਾਰੀ ਰਿਪੋਰਟ ਆਉਣ ’ਤੇ ਐਫਆਈਆਰ ਦਰਜ ਕਰ ਦਿੱਤੀ ਜਾਵੇਗੀ।
ਸਾਡੇ ਉਪਰ ਕੋਈ ਰਾਜਨੀਤਕ ਦਬਾਅ ਨਹੀਂ: ਡੀਸੀ
ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦਾ ਸਪੱਸ਼ਟ ਕਹਿਣਾ ਸੀ ਕਿ ਨਾਜਾਇਜ਼ ਮਾਈਨਿੰਗ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਅੱਜ ਛਾਪੇਮਾਰੀ ਕੀਤੀ ਗਈ ਹੈ, ਇਹ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਜਾਇਜ਼ ਮਾਈਨਿੰਗ ਨਾਲ ਖੇਤਰ ਦਾ ਵਾਤਾਵਰਨ ਖਰਾਬ ਹੁੰਦਾ ਹੈ ਜੋ ਕਿ ਕਿਸੇ ਵੀ ਤਰ੍ਹਾਂ ਠੀਕ ਨਹੀਂ। ਉਨ੍ਹਾਂ ਕਿਹਾ ਕਿ ਮਾਈਨਿੰਗ ਅਧਿਕਾਰੀ ਕੋਲੋਂ ਪੂਰੀ ਰਿਪੋਰਟ ਮੰਗੀ ਗਈ ਹੈ ਕਿ ਇਸ ਖੇਤਰ ਵਿੱਚ ਕਿੰਨੀ ਨਾਜਾਇਜ਼ ਮਾਈਨਿੰਗ ਹੋਈ ਹੈ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲੀਸ ਮੁਖੀ ਦੋਹਾਂ ਨੇ ਇਸ ਧਾਰਨਾ ਨੂੰ ਰੱਦ ਕੀਤਾ ਕਿ ਉਨ੍ਹਾਂ ਉਪਰ ਕੋਈ ਰਾਜਨੀਤਿਕ ਦਬਾਅ ਹੈ।