Pulse Polio Campaign: ਸੀਚੇਵਾਲ ਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ
ਮਾਪਿਆਂ ਨੂੰ ਬੱਚਿਆਂ ਨੂੰ ਦਵਾੲੀ ਪਿਲਾੳੁਣ ਦੀ ਅਪੀਲ
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ ਅੱਜ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬੱਚਿਆਂ ਨੂੰ ਖੁਦ ਪੋਲੀਓ ਰੋਕੂ ਬੂੰਦਾਂ ਪਿਲਾ ਕੇ ਕੀਤੀ। ਇਸ ਮੌਕੇ ਐੱਸ ਐੱਮ ਓ ਡਾ. ਅਸ਼ੀਸ਼ ਜੇਟਲੀ ਵੀ ਹਾਜ਼ਰ ਸਨ। ਸਿਹਤ ਵਿਭਾਗ ਵੱਲੋਂ ਸ਼ਹਿਰ ਵਿੱਚ 16 ਪੋਲੀਓ ਬੂਥ ਸਥਾਪਿਤ ਕੀਤੇ ਗਏ ਹਨ। ਇਸ ਮੁਹਿੰਮ ਦਾ ਮੁੱਖ ਟੀਚਾ 0 ਤੋਂ 5 ਸਾਲ ਦੀ ਉਮਰ ਦੇ ਹਰ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣਾ ਹੈ। ਇਸ ਮੌਕੇ ਸੰਤ ਸੀਚੇਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਬੂੰਦਾਂ ਤੋਂ ਵਾਂਝਾ ਨਾ ਰਹੇ। ਇਸ ਮੌਕੇ ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ, ਦੀਵਾਨ ਸਿੰਘ, ਅਜੀਤਪਾਲ ਸਿੰਘ, ਸੰਨੀ ਸਹੋਤਾ, ਸਾਹਿਲ ਥਾਪਰ ਮੌਜੂਦ ਸਨ।
ਤਰਨ ਤਾਰਨ (ਗੁਰਬਖਸ਼ਪੁਰੀ): ਪਲਸ ਪੋਲੀਓ ਰੋਕੂ ਤਿੰਨ-ਰੋਜ਼ਾ ਮੁਹਿੰੰਮ ਦੇ ਅੱਜ ਪਹਿਲੇ ਦਿਨ ਕਾਰਜਕਾਰੀ ਸਿਵਲ ਸਰਜਨ ਡਾ. ਭਾਰਤੀ ਧਵਨ ਨੇ ਮੁਹਿੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 171 ਦੇ ਕਰੀਬ ਭੱਠੇ ਅਤੇ 185 ਹਾਈ ਰਿਸਕ ਏਰੀਆ ਤੋਂ ਇਲਾਵਾ ਫੈਕਟਰੀਆਂ ਕਾਰਖਾਨਿਆਂ ਆਦਿ ਲਈ ਵੀ ਮੋਬਾਈਲ ਟੀਮਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ।
ਫਗਵਾੜਾ (ਜਸਬੀਰ ਸਿੰਘ ਚਾਨਾ): ਪਲਸ ਪੋਲਿਓ ਮੁਹਿੰਮ ਦੇ ਪਹਿਲੇ ਦਿਨ ਫਗਵਾੜਾ ਸਬ ਡਿਵੀਜ਼ਨ ’ਚ 2662 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਸੀਨੀਅਰ ਮੈਡੀਕਲ ਅਫਸਰ ਡਾ. ਸਿਮਰਦੀਪ ਕੌਰ ਤੇ ਬਾਲ ਰੋਗ ਮਾਹਿਰ ਡਾ. ਨਰੇਸ਼ ਕੁੰਦਰਾ ਨੇ ਦੱਸਿਆ ਕਿ ਸਬ ਡਿਵੀਜ਼ਨ ਵਿੱਚ ਪੋਲਿਓ ਰੋਕੂ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਸਫਲਤਾਪੂਰਵਕ ਕੀਤੀ ਗਈ। ਇਸ ਮੁਹਿੰਮ ਲਈ ਕੁੱਲ 50 ਬੂਥ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ’ਚ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ’ਤੇ ਦੋ ਟਰਾਂਜ਼ਿਟ ਬੂਥ ਵੀ ਸ਼ਾਮਲ ਹਨ। ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਤੇ ਮੇਅਰ ਰਾਮਪਾਲ ਉੱਪਲ ਨੇ ਪੋਲਿਓ ਬੂਥਾਂ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਹਰ ਬੱਚੇ ਨੂੰ ਪੋਲਿਓ ਦੀਆਂ ਬੂੰਦਾਂ ਜ਼ਰੂਰ ਪਿਲਾਈਆਂ ਜਾਣ।
