Public Protest: ਡੇਹਰਾ ਸਾਹਿਬ ਵੱਲ ਜਾਂਦੀ ਸੜਕ ਨਹਿਰ ਬਣੀ
ਸੜਕ ਨਾ ਬਣਾਉਣ ਕਾਰਨ ਲੋਕਾਂ ਵੱਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਸਾਹਿਬ ਦੇ ਪਿਤਾ ਪੁਰਖੀ ਇਤਿਹਾਸਕ ਨਗਰ ਡੇਹਰਾ ਸਾਹਿਬ ਨੂੰ ਜਾਂਦੀ ਸੜਕ ਦੇ ਬੁਰੇ ਹਾਲ ਕਾਰਨ ਲੋਕਾਂ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਹੈ।
ਇਸ ਸਮੱਸਿਆ ਸਬੰਧੀ ਇਕੱਤਰ ਹੋਏ ਪਿੰਡ ਕਾਹਲਵਾਂ, ਭੱਠਲ ਭਾਈਕੇ, ਫੈਲੋਕੇ ਆਦਿ ਦੇ ਲੋਕਾਂ ਨੇ ਇਤਿਹਾਸਕ ਨਗਰ ਡੇਹਰਾ ਸਾਹਿਬ ਨੂੰ ਜਾਂਦੀ ਸੜਕ ਨਾ ਬਣਾਉਣ ਕਾਰਨ ਪੰਜਾਬ ਸਰਕਾਰ ਖਿਲਾਫ਼ ਰੋਸ ਜਤਾਇਆ ਹੈ। ਇਸ ਮੌਕੇ ਸਾਬਕਾ ਸਰਪੰਚ ਦਿਲਬਾਗ ਸਿੰਘ ਕਾਹਲਵਾਂ, ਗੁਰਪ੍ਰੀਤ ਸਿੰਘ, ਬਲਦੇਵ ਸਿੰਘ ਫੌਜੀ, ਬਲਬੀਰ ਸਿੰਘ, ਮੁਖਤਿਆਰ ਸਿੰਘ, ਬਲਵਿੰਦਰ ਸਿੰਘ ਕਿਸਾਨ ਆਗੂ, ਤਰਸੇਮ ਸਿੰਘ ਲੁਹਾਰ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਨੌਸ਼ਿਹਰਾ ਪੰਨੂੰਆ ਤੋਂ ਭੱਠਲ ਭਾਈਕੇ, ਫੈਲੋਕੇ ਅਤੇ ਪਿੰਡ ਕਾਹਲਵਾਂ ਤੋਂ ਡੇਹਰਾ ਸਾਹਿਬ ਨੂੰ ਜਾਣ ਵਾਲੀ ਸੜਕ ਦੇ ਬੁਰੇ ਹਾਲਾਤ ਹਨ। ਮੀਂਹ ਕਾਰਨ ਸੜਕ ਤੇ ਖੜ੍ਹਾ ਪਾਣੀ ਰਾਹਗੀਰਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉੱਥੇ ਹੀ ਇਤਿਹਾਸਕ ਨਗਰ ਡੇਹਰਾ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਲਈ ਇਹ ਸੜਕ ਕਿਸੇ ਮੁਸੀਬਤ ਤੋਂ ਘੱਟ ਨਹੀ ਜਿਸ ਕਾਰਨ ਇਸ ਸੜਕ ਨਾਲ ਜੁੜੇ ਅੱਧੀ ਦਰਜਨ ਦੇ ਪਿੰਡਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਬਕਾ ਸਰਪੰਚ ਦਿਲਬਾਗ ਸਿੰਘ ਕਾਹਲਵਾਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਪਿੰਡਾਂ ਕਸਬਿਆਂ ਨੂੰ ਜਾਣ ਵਾਲਿਆਂ ਸੜਕਾਂ ਬਣਾਉਣ ਦੇ ਲੱਖ ਦਾਅਵੇ ਕਰਦੇ ਹਨ ਜੋ ਸੱਚਾਈ ਤੋਂ ਕੋਹਾਂ ਦੂਰ ਹਨ।
ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਇਕਤਰ ਹੋਏ ਲੋਕਾਂ ਨੇ ਪ੍ਰਸ਼ਾਸਨ ਕੋਲੋਂ ਇਤਿਹਾਸਕ ਨਗਰ ਡੇਹਰਾ ਸਾਹਿਬ ਨੂੰ ਜਾਂਦੀ ਸੜਕ ਨੂੰ ਜਲਦ ਬਣਾਉਣ ਦੀ ਮੰਗ ਕਰਦਿਆਂ ਰੋਸ ਵਜੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆ ਹਲਕਾ ਖਡੂਰ ਸਾਹਿਬ ਦੇ ਵਿਕਾਸ ਕਾਰਜਾਂ ਤੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਮੰਗ ਕੀਤੀ ਕਿ ਸੜਕ ਹਾਲਤ ਸੁਧਾਰੀ ਜਾਵੇ।

