ਤਨਖਾਹਾਂ ’ਤੇ ਲਾਈ ਰੋਕ ਕਾਰਨ ਅਧਿਆਪਕਾਂ ਵਿੱਚ ਰੋਸ
ਸੋਮਵਾਰ ਤੱਕ ਤਨਖਾਹਾਂ ਜਾਰੀ ਨਾ ਕਰਨ ’ਤੇ ਖਜ਼ਾਨਾ ਦਫਤਰ ਘੇਰਨ ਦੀ ਚਿਤਾਵਨੀ
Advertisement
ਪੰਜਾਬ ਸਰਕਾਰ ਵੱਲੋਂ ਮੌਖਿਕ ਰੂਪ ਵਿੱਚ ਤਨਖਾਹਾਂ ’ਤੇ ਲਗਾਈ ਗਈ ਰੋਕ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੋਮਵਾਰ ਤੱਕ ਤਨਖਾਹਾਂ ਨਾਂ ਜਾਰੀ ਕੀਤੀਆਂ ਗਈਆਂ ਤਾਂ ਫਿਰ ਖਜ਼ਾਨਾ ਦਫਤਰ ਦਾ ਘਿਰਾਓ ਕੀਤਾ ਜਾਵੇਗਾ।
ਤਨਖਾਹਾਂ ਨੂੰ ਲੈ ਕੇ ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ ਤੇ ਜਨਰਲ ਸਕੱਤਰ ਪਵਨ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਰਾਕੇਸ਼ ਸ਼ਰਮਾ, ਰਾਕੇਸ਼ ਮਹਾਜਨ, ਪ੍ਰੈੱਸ ਸਕੱਤਰ ਹਰਸਿਮਰਤ ਸਿੰਘ, ਲਲਿਤ ਤ੍ਰੇਹਣ, ਰਾਜੀਵ ਕੁਮਾਰ, ਸੰਜੀਵ ਮਾਹੀ, ਰਾਜੀਵ ਸਲਾਰੀਆ, ਪੁਸ਼ਿਵੰਦਰ ਸਿੰਘ, ਪਰਵਿੰਦਰ ਸੈਣੀ, ਅਜੇ ਭੋਗਲ, ਪ੍ਰੇਮ ਭੜੋਲੀ ਤੇ ਹੇਮਰਾਜ ਆਦਿ ਆਗੂ ਸ਼ਾਮਲ ਹੋਏ।
Advertisement
ਪ੍ਰੈੱਸ ਸਕੱਤਰ ਹਰਸਿਮਰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖਜ਼ਾਨਿਆਂ ’ਤੇ ਜ਼ੁਬਾਨੀ ਰੋਕ ਲਗਾ ਦਿੱਤੀ ਹੈ ਜਿਸ ਕਾਰਨ 2 ਦਸੰਬਰ ਤੋਂ ਬਾਅਦ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਤਨਖਾਹ ਨਹੀਂ ਮਿਲ ਰਹੀ। ਇਸ ਕਾਰਨ ਮੁਲਾਜ਼ਮਾਂ ਦਾ ਚੁੱਲ੍ਹਾ ਬਲਣਾ ਬੰਦ ਹੋ ਗਿਆ ਹੈ ਤੇ ਉਨ੍ਹਾਂ ਨੂੰ ਰੋਟੀ ਦੇ ਲਾਲੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੀਆਂ ਫੀਸਾਂ, ਬੈਂਕ ਦੀਆਂ ਕਿਸ਼ਤਾਂ ਅਤੇ ਹੋਰ ਜ਼ਰੂਰੀ ਖਰਚੇ ਕਰਨੇ ਹੁੰਦੇ ਹਨ।
Advertisement
