ਗੁਰਬਖ਼ਸ਼ਪੁਰੀ
ਤਰਨ ਤਾਰਨ, 2 ਅਗਸਤ
ਇਥੇ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਵੱਲੋਂ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਲਈ ਹਾਕਮ ਧਿਰ ਨੂੰ ਕਸੂਰਵਾਰ ਆਖਦਿਆਂ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ| ਇਸ ਦੌਰਾਨ ਪਾਰਟੀ ਕਾਰਕੁਨਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ| ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਰਐੱਮਪੀਆਈ ਆਗੂ ਪਰਗਟ ਸਿੰਘ ਜਾਮਾਰਾਏ ਤੇ ਸੀਪੀਆਈ ਦੇ ਸੂਬਾ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਦੋਸ਼ ਲਾਇਆ ਕਿ ਸੂਬੇ ਅੰਦਰ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਵਾਲੀਆਂ ਫੈਕਟਰੀਆਂ ਪ੍ਰਸ਼ਾਸਨ ਅਤੇ ਸਿਆਸੀ ਧਿਰਾਂ ਦੀ ਸ਼ਹਿ ’ਤੇ ਚੱਲ ਰਹੀਆਂ ਹਨ, ਜਿਨ੍ਹਾਂ ਖ਼ਿਲਾਫ਼ ਹਾਲੇ ਤੱਕ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਆਗੂਆਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰ ਕੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨ ’ਤੇ ਵੀ ਜ਼ੋਰ ਦਿੱਤਾ| ਇਸ ਦੌਰਾਨ ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਝਬਾਲ, ਸੁਖਦੇਵ ਸਿੰਘ ਗੋਹਲਵੜ, ਦਵਿੰਦਰ ਸੋਹਲ, ਨਰਿੰਦਰ ਬੇਦੀ, ਬਲਦੇਵ ਸਿੰਘ ਪੰਡੋਰੀ, ਲੱਖਾ ਸਿੰਘ ਮੰਨਣ ,ਅਵਤਾਰ ਸਿੰਘ ਪਲਾਸੋਰ, ਸੁਖਦੇਵ ਸਿੰਘ ਮਾਣੋਚਾਹਲ ਨੇ ਵੀ ਸੰਬੋਧਨ ਕੀਤਾ|
ਰਈਆ(ਦਵਿੰਦਰ ਭੰਗੂ): ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਮੁੱਛਲ ਵਿੱਚ ਬੀਤੇ ਤਿੰਨ ਦਿਨਾਂ ਤੋਂ ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਗਿਣਤੀ ਅੱਜ 12 ਤੱਕ ਪਹੁੰਚ ਗਈ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਜਨਤਕ ਜਥੇਬੰਦੀਆਂ ਵੱਲੋਂ ਲਗਾਇਆ ਗਿਆ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਐਕਸ਼ਨ ਕਮੇਟੀ ਦੇ ਕਨਵੀਨਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਦੱਸਿਆ ਕਿ ਸਰਕਾਰੀ ਨੁਮਾਇੰਦੇ ਪੁਲੀਸ ਅਤੇ ਸਿਵਲ ਅਧਿਕਾਰੀਆਂ ਵੱਲੋਂ ਕੱਲ੍ਹ ਤੋਂ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਧਰਨੇ ਵਾਲੀ ਜਗ੍ਹਾ ਰੱਖੀਂ ਗਈ ਲਾਸ਼ ਦਾ ਅੰਤਿਮ ਸੰਸਕਾਰ ਕਰਨ ਲਈ ਦਬਾਅ ਪਾਇਆ ਗਿਆ ਪਰ ਐਕਸ਼ਨ ਕਮੇਟੀ ਦੇ ਆਗੂ ਅਤੇ ਪਰਿਵਾਰ ਵੱਲੋਂ ਬਿਨਾਂ ਮੁਆਵਜ਼ਾ ਲਿਆ ਮ੍ਰਿਤਕ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ’ਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਧਰਨਾ ਸਥਾਨ ’ਤੇ ਪਹੁੰਚ ਕੇ ਮ੍ਰਿਤਕ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ 2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕਰਨ ਉਪਰੰਤ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਰੋਸ ਧਰਨੇ ਨੂੰ ਗੁਰਮੇਜ ਸਿੰਘ ਤਿੰਮੋਵਾਲ , ਬਲਦੇਵ ਸਿੰਘ ਸੈਦਪੁਰ, ਗੁਰਨਾਮ ਸਿੰਘ ਭਿੰਡਰ, ਨੌਜਵਾਨ ਆਗੂ ਹਰਮੀਤ ਸਿੰਘ ਦਾਊਦ, ਰਵਿੰਦਰ ਸਿੰਘ ਛੱਜਲਵੱਡੀ, ਯੁੱਧਵੀਰ ਸਿੰਘ ਸਰਜਾ,ਪੂਰਨ ਚੰਦ ਛੱਜਲਵੱਡੀ, ਭਰਪੂਰ ਸਿੰਘ ਮੈਹਣੀਆ, ਸਵਿੰਦਰ ਸਿੰਘ ਛੱਜਲਵੱਡੀ, ਆਦਿ ਨੇ ਸੰਬੋਧਨ ਕੀਤਾ।