Commercial LPG Gas Cylinders ਦੀ ਕੀਮਤ ’ਚ ਵਾਧੇ ਖ਼ਿਲਾਫ਼ ਮੁਜ਼ਾਹਰੇ
‘ਆਪ’ ਆਗੂਆਂ ਵੱਲੋਂ ਕੇਂਦਰ ਸਰਕਾਰ ਦੀਆਂ ਲੋੋਕ ਮਾਰੂ ਨੀਤੀਆਂ ਦੀ ਨਿੰਦਾ
ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਅਤੇ ਜ਼ਿਲ੍ਹਾ ਮਹਿਲਾ ਵਿੰਗ ਜਲੰਧਰ ਵਲੋਂ ਅੱਜ ਕੰਪਨੀ ਬਾਗ ਚੌਕ, ਜਲੰਧਰ ਵਿੱਚ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਦੀ ਭਾਜਪਾ ਸਰਕਾਰ ਵਲੋਂ 19 ਕਿਲੋਗ੍ਰਾਮ ਵਪਾਰਕ ਐੱਲ ਪੀ ਜੀ ਸਿਲੰਡਰ ਦੀ ਕੀਮਤ ਵਿੱਚ 993 ਰੁਪਏ ਦਾ ਵਾਧਾ ਕਰਨ ਨਾਲ ਕਈ ਖੇਤਰਾਂ ਵਿੱਚ ਇਸ ਦੀ ਕੀਮਤ 3071 ਰੁਪਏ ਤੋਂ ਵੱਧ ਹੋ ਗਈ ਹੈ।
ਇਸ ਰੋਸ ਪ੍ਰਦਰਸ਼ਨ ਵਿੱਚ ਸੂਬਾ ਸਕੱਤਰ ਵਪਾਰ ਵਿੰਗ ਹਰਿੰਦਰਪਾਲ ਸਿੰਘ ਮਨੋਚਾ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਲਗਾਤਾਰ ਤੀਜਾ ਮਹੀਨਾਵਾਰ ਵਾਧਾ ਹੈ, ਜੋ ਮਾਰਚ ਤੋਂ ਬਾਅਦ 1300 ਰੁਪਏ ਤੋਂ ਵੱਧ ਦਾ ਵਾਧਾ ਹੈ। ਉਨ੍ਹਾਂ ਕਿਹਾ ਕਿ ਕੀਮਤ ਵਧਣ ਨਾਲ ਛੋਟੇ ਵਪਾਰੀਆਂ ਜਿਵੇਂ ਢਾਬੇ, ਰੈਸਟੋਰੈਂਟ ਅਤੇ ਰੇਹੜੀਆਂ ਤੇ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ’ਤੇ ਬਹੁਤ ਬੁਰਾ ਪ੍ਰਭਾਵ ਪਏਗਾ। ਜ਼ਿਲ੍ਹਾ ਪ੍ਰਧਾਨ (ਵਪਾਰ ਵਿੰਗ ਸ਼ਹਿਰੀ) ਇੰਦਰਵੰਸ਼ ਸਿੰਘ ਚੱਢਾ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਪਾਸਿਓਂ ਅਸਫਲ ਸਾਬਤ ਹੋਈ ਹੈ। ਜ਼ਿਲ੍ਹਾ ਪ੍ਰਧਾਨ (ਵਪਾਰ ਵਿੰਗ ਦਿਹਾਤੀ) ਅਸ਼ਵਨੀ ਕੋਹਲੀ ਅਤੇ ਜ਼ਿਲ੍ਹਾ ਪ੍ਰਧਾਨ (ਮਹਿਲਾ ਵਿੰਗ) ਸ਼ੋਭਾ ਬਘਾਟ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੀ ਬਜਾਏ, ਗੈਸ ਸਿਲੰਡਰਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ।
ਆਗੂਆਂ ਨੇ ਸਿਲੰਡਰਾਂ ਦੇ ਵਧਾਏ ਰੇਟ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਕੋਆਰਡੀਨੇਟਰ, ਮੁੱਖ ਕਾਰਜਕਰਤਾ ਸੁਮਿਤ ਸਰਾ, ਨਵਨੀਤ ਜੁਨੇਜਾ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਚਰਨਜੀਤ ਸਿੰਘ ਪੁਰੇਵਾਲ, ਅਜੈ ਵਰਮਾ, ਬਲਾਕ ਕੋਆਰਡੀਨੇਟਰ ਅਤੇ ਵਾਲੰਟੀਅਰ ਜਗਤਾਰ ਸਿੰਘ, ਵਿਨੋਦ ਕੁਮਾਰ, ਭੁਪਿੰਦਰ ਸਿੰਘ, ਹਰਜੀਤ ਸਿੰਘ, ਹਰਨੀਤ ਮਧੋਕ, ਗੁਲਸ਼ਨ ਜੈਨ, ਸੂਰਜ, ਵਰਿੰਦਰ, ਮਨਵਿੰਦਰ, ਸੁਭਾਸ਼ ਸੰਜੇ ਗਿੱਲ, ਅਜੈ ਗਿੱਲ, ਅੰਕੁਰ ਸਿਆਲ ਅਤੇ ਰੋਹਿਤ ਗਿੱਲ ਹਾਜ਼ਰ ਸਨ।
ਕਪੂਰਥਲਾ (ਜਸਬੀਰ ਸਿੰਘ ਚਾਨਾ): ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਸਾਰੇ ਹੀ ਵਿੰਗਾਂ ਦੇ ਅਹੁਦੇਦਾਰਾਂ ਤੇ ਵਾਲੰਟੀਅਰਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ’ਚ ਕੀਤੇ ਗਏ ਵਾਧੇ ਦੇ ਵਿਰੁੱਧ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਦੌਰਾਨ ਸ਼ਹੀਦ ਭਗਤ ਸਿੰਘ ਚੌਕ ਕਪੂਰਥਲਾ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਮੀਡੀਆ ਇੰਚਾਰਜ ਇੰਦਰਜੀਤ ਸਿੰਘ ਜੁਗਨੂੰ, ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਚੰਦੀ, ਟਰੇਡ ਵਿੰਗ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜ਼ਿਲ੍ਹਾ ਚੇਅਰਮੈਨ ਕਪੂਰਥਲਾ ਹਾਜ਼ਰ ਸਨ। ਬੁਲਾਰਿਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਗੈਸ ਦੀਆਂ ਕੀਮਤਾਂ ਘਟਾਉਣ ਦੀ ਮੰਗ ਕੀਤੀ।
ਕੀਮਤਾਂ ਨਾ ਘਟਾਉਣ ’ਤੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਵਪਾਰਕ ਐੱਲ ਪੀ ਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੀਤੇ ਭਾਰੀ ਵਾਧੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਵਪਾਰ ਵਿੰਗ ਦੇ ਸੱਦੇ ’ਤੇ ਅੱਜ ਪਾਰਟੀ ਦੇ ਜ਼ਿਲ੍ਹਾ ਅਹੁਦੇਦਾਰਾਂ ਅਤੇ ਵਾਲੰਟੀਅਰਾਂ ਵੱਲੋਂ ਹਾਲ ਗੇਟ ਦੇ ਬਾਹਰ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਵਿਚ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਪ੍ਰਭਬੀਰ ਸਿੰਘ ਬਰਾੜ, ਵਪਾਰ ਵਿੰਗ ਮਾਝਾ ਜ਼ੋਨ ਦੇ ਪ੍ਰਧਾਨ ਸ਼ੀਤਲ ਜੁਨੇਜਾ ਅਤੇ ਮਾਝਾ ਜ਼ੋਨ ਮਹਿਲਾ ਵਿੰਗ ਦੀ ਪ੍ਰਧਾਨ ਸੁਖਬੀਰ ਕੌਰ, ਰਵਿੰਦਰ ਹੰਸ, ਐਡਵੋਕੇਟ ਪਰਮਿੰਦਰ ਸਿੰਘ ਸੋਢੀ ਤੇ ਹੋਰਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਵਪਾਰ ਵਿੰਗ ਦੇ ਦਿਹਾਤੀ ਪ੍ਰਧਾਨ ਅਭਿਸ਼ੇਕ ਬੰਸਲ ਅਤੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕਾਮਨਾ ਆਨੰਦ ਵੀ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦੇ ਹੱਥਾਂ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਤਖਤੀਆਂ ਚੁੱਕੀਆਂ ਹੋਈਆਂ ਸਨ। ‘ਆਪ’ ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਵਧੀਆਂ ਹੋਈਆਂ ਕੀਮਤਾਂ ਤੁਰੰਤ ਵਾਪਸ ਨਾ ਲਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

