ਪੱਤਰਕਾਰ ਐਸੋਸੀਏਸ਼ਨ ਵੱਲੋਂ ਰੋਸ ਮੁਜ਼ਾਹਰਾ
ਪੱਤਰਕਾਰਾਂ ’ਤੇ ਹੁੰਦੇ ਹਮਲਿਆਂ ’ਤੇ ਚਿੰਤਾ ਜਤਾਈ; ਮੰਗਾਂ ਪੂਰੀਆਂ ਕਰਨ ’ਤੇ ਜ਼ੋਰ
ਪੱਤਰਕਾਰ ਭਾਈਚਾਰੇ ਨੇ ਮੀਡੀਆ ’ਤੇ ਹੋ ਰਹੇ ਹਮਲਿਆਂ ਦਾ ਨੋਟਿਸ ਲੈਂਦਿਆਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੁਜ਼ਾਹਰਾ ਕੀਤਾ ਤੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ।
ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੱਤਰਕਾਰੀ ਦਾ ਕੰਮ ਕਾਫੀ ਜ਼ੋਖਮ ਭਰਿਆ ਹੈ ਤੇ ਇਸ ਖਿੱਤੇ ਵਿੱਚ ਦੋਸਤ ਘੱਟ ਤੇ ਦੁਸ਼ਮਣ ਵਧੇਰੇ ਬਣਦੇ ਹਨ। ਪੱਤਰਕਾਰਾਂ ’ਤੇ ਹਰ ਰੋਜ਼ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹਨ ਤੇ ਕਈ ਵਾਰੀ ਤਾਂ ਮੁਲਜ਼ਮਾਂ ਦੀ ਸਿਆਸੀ ਪੁਸ਼ਤਪਨਾਹੀ ਕਾਰਨ ਪੁਲੀਸ ਮੁਲਜ਼ਮਾਂ ਦੀ ਬਜਾਇ ਪੱਤਰਕਾਰ ਦੇ ਖ਼ਿਲਾਫ਼ ਹੀ ਕਾਰਵਾਈ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਟੋਲ ਪਲਾਜ਼ਾ ’ਤੇ ਉਨ੍ਹਾਂ ਪੱਤਰਕਾਰਾਂ ਨੂੰ ਛੋਡ ਦਿੱਤੀ ਜਾਂਦੀ ਹੈ ਜਿਨ੍ਹਾਂ ਕੋਲ ਲੋਕ ਸੰਪਰਕ ਵਿਭਾਗ ਦਾ ਕਾਰਡ ਹੁੰਦਾ ਹੈ ਪਰ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਇਸ ਛੋਟ ਨੂੰ ਪ੍ਰਵਾਨ ਨਹੀਂ ਕਰਦਾ।
ਉਨ੍ਹਾਂ ਮੰਗ ਕੀਤੀ ਕ ਪੱਤਰਕਾਰ ਭਾਈਚਾਰੇ ਨੂੰ ਮੈਰਿਟ ਦੇ ਆਧਾਰ ’ਤੇ ਸਰਕਾਰੀ ਕਾਰਡ ਜਾਰੀ ਕੀਤੇ ਜਾਣ, ਮੁਫ਼ਤ ਬੱਸ ਸਫਰ ਦੀ ਸਹੂਲਤ ਆਈ ਕਾਰਡ ’ਤੇ ਹੀ ਦਿੱਤੀ ਜਾਵੇ, ਫੀਲਡ ਵਿੱਚ ਕੰਮ ਕਰਦੇ ਪੱਤਰਕਾਰ ਦੀ ਮੌਤ ਹੋ ਜਾਣ ਤੇ ਪੱਤਰਕਾਰ ਦੇ ਪਰਿਵਾਰ ਨੂੰ 25 ਲੱਖ ਦੀ ਸਹਾਇਤਾ ਰਾਸ਼ੀ ਤੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ। ਸਾਰੇ ਪੱਤਰਕਾਰਾਂ ਦੀ ਪੈਨਸ਼ਨ ਲਾਈ ਜਾਵੇ ਤੇ ਪੈਨਸ਼ਨ 12,000 ਤੋਂ ਵਧਾ ਕੇ 25,000 ਰੁਪਏ ਕੀਤੀ ਜਾਵੇ।

