ਮਿੱਲ ਦੀ ਮਾਲਕੀ ਤਬਦੀਲ ਕਰਨ ਖ਼ਿਲਾਫ਼ ਮੁਜ਼ਾਹਰਾ
ਕੁੱਲ ਹਿੰਦ ਕਿਸਾਨ ਸਭਾ ਵੱਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਹੋਰਨਾਂ ਵਿਭਾਗਾਂ ਦੇ ਨਾਂ ਤਬਦੀਲ ਕਰਨ ਦੇ ਕੀਤੇ ਜਾ ਰਹੇ ਵਿਰੋਧ ਦੇ ਮਾਮਲੇ ਦਾ ਨਿਬੇੜਾ ਨਾ ਕਰਨ ਦੀ ਨਿਖੇਧੀ ਕੀਤੀ ਗਈ।...
ਕੁੱਲ ਹਿੰਦ ਕਿਸਾਨ ਸਭਾ ਵੱਲੋਂ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਮਾਲਕੀ ਹੋਰਨਾਂ ਵਿਭਾਗਾਂ ਦੇ ਨਾਂ ਤਬਦੀਲ ਕਰਨ ਦੇ ਕੀਤੇ ਜਾ ਰਹੇ ਵਿਰੋਧ ਦੇ ਮਾਮਲੇ ਦਾ ਨਿਬੇੜਾ ਨਾ ਕਰਨ ਦੀ ਨਿਖੇਧੀ ਕੀਤੀ ਗਈ। ਸਭਾ ਦੇ ਸੂਬਾ ਵਰਕਿੰਗ ਪ੍ਰਧਾਨ ਮਹਾਂਵੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਕੀਤੇ ਇਸ ਰੋਸ ਵਿਖਾਵੇ ਵਿੱਚ ਸ਼ਾਮਲ ਕਿਸਾਨਾਂ ਨੂੰ ਹੋਰਨਾਂ ਤੋਂ ਇਲਾਵਾ ਦਵਿੰਦਰ ਸੋਹਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਇਸਤਰੀ ਸਭਾ ਦੀ ਆਗੂ ਰੁਪਿੰਦਰ ਮਾੜੀਮੇਘਾ, ਸੀਮਾ ਸੋਹਲ, ਚਰਨ ਸਿੰਘ ਤਰਨ ਤਾਰਨ, ਗੁਰਦਿਆਲ ਸਿੰਘ ਵਰਨਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਹੇਠ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਲਗਾਤਾਰ ਪੱਕਾ-ਮੋਰਚਾ ਲਗਾ ਕੇ ਬੈਠੇ ਹਨ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਵੀ ਨਹੀਂ ਸਰਕ ਰਹੀ। ਬੁਲਾਰਿਆਂ ਨੇ ਕਿਹਾ ਕਿ ਇਹ ਸਹਿਕਾਰੀ ਖੰਡ ਮਿੱਲ ਕਿਸਾਨਾਂ ਦੇ ਸ਼ੇਅਰਾਂ ਨਾਲ ਹੋਂਦ ਵਿੱਚ ਲਿਆਂਦੀ ਗਈ ਸੀ ਜਿਸ ਨੂੰ ਹੋਰਨਾਂ ਵਿਭਾਗਾਂ ਨੂੰ ਤਬਦੀਲ ਕਰਨ ਦਾ ਸਰਕਾਰ ਕੋਲ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਰਦੇ ਕਿਸਾਨਾਂ ਦੀ ਗੱਲ ਨਾ ਸੁਣਨ ’ਤੇ ਜਥੇਬੰਦੀਆਂ ਆਪਣਾ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਨਵਾਂ ਜ਼ਮਾਨਾ ਦੇ ਸੰਪਾਦਕ ਕਾਮਰੇਡ ਚੰਦ ਫਤਹਪੁਰੀ ਨੂੰ ਸ਼ਰਧਾਂਜਲੀਆਂ ਵੀ ਭੇਟ ਕੀਤੀਆਂ ਗਈਆਂ।

