ਫੀਸਾਂ ਦੇ ਨੋਟਿਸ ਖ਼ਿਲਾਫ਼ ਰੋਸ ਮੁਜ਼ਾਹਰਾ

ਫੀਸਾਂ ਦੇ ਨੋਟਿਸ ਖ਼ਿਲਾਫ਼ ਰੋਸ ਮੁਜ਼ਾਹਰਾ

ਯੂਨੀਵਰਸਿਟੀ ਦੇ ਗੇਟ ਅੱਗੇ ਰੋਸ ਮੁਜ਼ਾਹਰਾ ਕਰਦੇ ਹੋਏ ਵਿਦਿਆਰਥੀ। -ਫੋਟੋ: ਵਿਸ਼ਾਲ ਕੁਮਾਰ

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 7 ਅਗਸਤ

ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਸਟੂਡੈਂਟਸ ਫਾਰ ਸੁਸਾਇਟੀ ਦੀ ਅਗਵਾਈ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਤਰਜ਼ ’ਤੇ ਫੀਸ ਭਰਵਾਉਣ ਦਾ ਨੋਟਿਸ ਵਾਪਸ ਲੈਣ ਅਤੇ ਯੂਨੀਵਰਸਿਟੀ ਖੁੱਲ੍ਹਣ ਉਪਰੰਤ ਹੀ ਫੀਸ ਲੈਣ ਤੇ ਹੋਰ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਮੁੱਖ ਗੇਟ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਅਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਵਿਦਿਆਰਥੀ ਆਗੂ ਗਗਨ ਅਤੇ ਰਵਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ 23 ਜੁਲਾਈ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿਚੋਂ ਪ੍ਰਸ਼ਾਸਨ ਨੇ ਕੁਝ ਮੰਗਾਂ ਮੂੰਹ ਜ਼ੁਬਾਨੀ ਮੰਨੀਆਂ ਸਨ ਪਰ ਅਮਲੀ ਤੌਰ ’ਤੇ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਵਿਦਿਆਰਥੀਆਂ ਨੂੰ ਨਾਅਰੇ ਲਗਾਊਣ ਤੋਂ ਵੀ ਰੋਕਿਆ ਗਿਆ ਪਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਵਿਦਿਆਰਥੀਆਂ ਕੋਲੋਂ ਗੇਟ ’ਤੇ ਜਾ ਕੇ ਮੰਗ ਪੱਤਰ ਲਿਆ। ਇਸ ਮੌਕੇ ਸਟੂਡੈਂਟਸ ਫਾਰ ਸੁਸਾਇਟੀ ਵਲੋਂ ਸ਼ੁਭਕਰਮਨਜੀਤ ਸਿੰਘ ਨੇ ਕਿਹਾ ਕਿ ਸਰਕਾਰ ਸਿੱਖਿਆ ਦਾ ਨਿੱਜੀਕਰਨ ਤੇ ਉਸ ਨੂੰ ਵਪਾਰ ਬਣਾਉਣ ਵੱਲ ਵਧ ਰਹੀ ਹੈ।

ਵਿਦਿਆਰਥੀਆਂ ਦੀਆਂ ਹੋਰ ਮੰਗਾਂ: ਵਿਦਿਆਰਥੀਆਂ ਨੇ ਕਿਹਾ ਕਿ ਯੂਨੀਵਰਸਿਟੀ ਸਿੱਖਿਆ ’ਤੇ ਜੀਐੱਸਟੀ ਲਾਉਣ ਦਾ ਨੋਟਿਸ ਵਾਪਸ ਲਵੇ, ਨਵੇਂ ਸੈਸ਼ਨ ਦੀਆਂ ਆਨਲਾਈਨ ਕਲਾਸਾਂ ਵਿਚ ਹਾਜ਼ਰੀ ਜ਼ਰੂਰੀ ਨਾ ਬਣਾਈ ਜਾਵੇ, ਹੋਸਟਲਾਂ ਦੀ ਫੀਸ ਪੂਰੇ ਸ਼ੈਸ਼ਨ ਦੀ ਥਾਂ ਉਸੇ ਸਮੇਂ ਲਈ ਹੀ ਮੰਗੀ ਜਾਵੇ ਜਿੰਨੇ ਸਮੇਂ ਲਈ ਹੋਸਟਲ ਖੁੱਲਣਗੇ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਊੱਤਰੀ ਭਾਰਤ ਵਿੱਚ ਮੋਹਰੀ

ਇੰਡੀਆ ਟੂਡੇ ਰੈਂਕਿੰਗ-2020 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਊਤਰੀ ਭਾਰਤ ਦੀਆਂ ਉੱਚੇਰੀ ਸਿੱਖਿਆ ਸੰਸਥਾਵਾਂ ਤੇ ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚੋਂ ਪਹਿਲਾ ਸਥਾਨ ਦਿੱਤਾ ਗਿਆ ਹੈੈ। ਆਰਟਸ, ਸਾਇੰਸ ਤੇ ਤਕਨਾਲੋਜੀ ਅਨੁਸ਼ਾਸਨਾਂ ਦੀਆਂ ਸਟੇਟ ਪਬਲਿਕ ਯੂਨੀਵਰਸਿਟੀਆਂ ਵਿਚ ਜੰਮੂ, ਕਸ਼ਮੀਰ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ ਜਾਂ ਚੰਡੀਗੜ੍ਹ ਦੀ ਕਿਸੇ ਵੀ ਸਿੱਖਿਆ ਸੰਸਥਾ ਨੇ ਕੋਈ ਪੁਜ਼ੀਸ਼ਨ ਹਾਸਲ ਨਹੀਂ ਕੀਤੀ। ਰਜਿਸਟਰਾਰ ਡਾ. ਕਰਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਓਵਰਆਲ ਰੈਂਕਿੰਗ ਦੇ ਹਿਸਾਬ ਨਾਲ ਇਸ ਰੈਂਕਿੰਗ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਸੈਂਟਰਲ, ਪਬਲਿਕ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਵਿਚੋਂ 20ਵਾਂ ਓਵਰਆਲ ਸਥਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਦੀਆਂ ਸਟੇਟ ਯੂਨੀਵਰਸਿਟੀਆਂ ਵਿਚ 11ਵਾਂ ਸਥਾਨ ਦਿੱਤਾ ਗਿਆ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਪਹਿਲਾਂ ਨਾਲੋਂ ਜ਼ਿਆਦਾ ਅੰਕ ਹਾਸਲ ਕੀਤੇ।

ਯੂਨੀਵਰਸਿਟੀ ਦੇ ਮੁਲਾਜ਼ਮਾਂ ਵੱਲੋਂ ਕਲਮ ਛੋੜ ਹੜਤਾਲ

ਪੰਜਾਬ ਸਰਕਾਰ ਦੀਆਂ ਮੁਲਾਜ਼ਮ-ਵਿਰੋਧੀ ਨੀਤੀਆਂ ਖ਼ਿਲਾਫ਼ ਅੱਜ ਤੀਜੇ ਦਿਨ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਐਸੋਸੀਏਸ਼ਨ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਦੋ ਘੰਟੇ ਕਲਮ ਛੋੜ ਹੜਤਾਲ ਕੀਤੀ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਨਾਗਰਾ ਅਤੇ ਸਕੱਤਰ ਬਲਬੀਰ ਸਿੰਘ ਗਰਚਾ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੇ ਮੁਲਾਜ਼ਮ-ਵਿਰੋਧੀ ਫੈਸਲੇ ਵਾਪਸ ਕਰਾਉਣ ਲਈ ਸੰਘਰਸ਼ ਹੀ ਇਕ ਹਥਿਆਰ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਮੋਬਾਇਲ ਭੱਤਿਆਂ ਵਿਚ ਕਟੌਤੀ ਕਰਨੀ, ਡੀਏ ਦੀਆਂ ਕਿਸ਼ਤਾਂ ਅਤੇ 158 ਮਹੀਨਿਆਂ ਦਾ ਬਕਾਇਆ ਨਾ ਦੇਣਾ ਮੁਲਾਜ਼ਮਾਂ ਨਾਲ ਬਹੁਤ ਵੱਡਾ ਧੱਕਾ ਹੈ ਜਦੋਂਕਿ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਮੁਲਾਜ਼ਮਾਂ ਦਾ ਡੀਏ ਰੋਕਿਆ ਨਹੀਂ ਜਾ ਸਕਦਾ। ਉਨਾਂ ਕਿਹਾ ਕਿ ਡੀਏ ਲੈਣਾ ਮੁਲਾਜ਼ਮਾਂ ਦਾ ਸੰਵਿਧਾਨਕ ਹੱਕ ਹੈ। ਉਨ੍ਹਾਂ ਕਿਹਾ ਕਿ 14 ਅਗਸਤ ਤਕ ਮੁਲਾਜ਼ਮ ਰੋਜ਼ਾਨਾ ਦੋ ਘੰਟੇ ਦੀ ਮੁਕੰਮਲ ਹੜਤਾਲ ਕਰਨਗੇ ਅਤੇ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤਕ ਕਾਲੇ ਬਿੱਲੇ ਲਾਉਣਗੇ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਸਰਕਾਰ ਦੀ ਅਰਥੀ ਫੂਕੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All