ਬੇਅੰਤ ਸਿੰਘ ਸੰਧੂ
ਪੱਟੀ, 13 ਸਤੰਬਰ
ਇਲਾਕੇ ਦੇ ਪਿੰਡ ਦੁੱਬਲੀ ਅੰਦਰ ਪਿਛਲੇ ਸਮੇਂ ਤੋਂ ਜਲ ਸਪਲਾਈ ਖ਼ਰਾਬ ਰਹਿਣ ਤੋਂ ਦੁਖੀ ਪਿੰਡ ਵਾਸੀਆਂ ਨੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਜਲ ਸਪਲਾਈ ਨੂੰ ਚਾਲੂ ਰੱਖਣ ਲਈ ਪਿੰਡ ਵਾਸੀਆਂ ਵੱਲੋਂ ਆਪਣੇ ਖਰਚੇ ’ਤੇ 25 ਹਾਰਸ ਪਾਵਰ ਮੋਟਰ ਦੀ ਮੁਰੰਮਤ ਕੀਤੀ ਗਈ ਸੀ ਜੋ ਕਿ ਵਿਭਾਗ ਵੱਲੋਂ ਬਦਲ ਕੇ 15 ਹਾਰਸ ਪਾਵਰ ਕਰਨ ਕਰਕੇ ਪਾਣੀ ਵਾਲੀ ਟੈਂਕੀ ਵਿੱਚ ਪਾਣੀ ਸਟੋਰ ਨਹੀਂ ਕਰ ਸਕਦੀ। ਇਸ ਮੌਕੇ ਸਾਹਿਬ ਸਿੰਘ ਫੌਜੀ ਅਤੇ ਮਿਸਤਰੀ ਤਰਸੇਮ ਸਿੰਘ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਉਸ ਦੇ ਆਗੂਆਂ ਕੋਲ ਕਈ ਵਾਰ ਪਹੁੰਚ ਕਰਕੇ ਖ਼ਰਾਬ ਹੋਈ ਵਾਟਰ ਸਪਲਾਈ ਨੂੰ ਮੁੜ ਚਲਾਉਣ ਲਈ ਮਿਲਿਆ ਜਾ ਚੁੱਕਾ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਮੁੱਖ ਮੰਤਰੀ ਤੋਂ ਜਲ ਸਪਲਾਈ ਨੂੰ ਚਾਲੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇ ਮੰਗ ਜਲਦੀ ਪੂਰੀ ਨਾ ਕੀਤੀ ਗਈ ਤਾਂ ਉਹ ਪਿੰਡ ਅੰਦਰ ਹਲਕੇ ਦੇ ਮੰਤਰੀ ਤੇ ਉਨ੍ਹਾਂ ਦੇ ਆਗੂਆਂ ਦੀ ਆਮਦ ਮੌਕੇ ਵਿਰੋਧ ਕਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਧਰ, ਜਲ ਸਪਲਾਈ ਦੇ ਐੱਸਡੀਓ ਜਸਦੀਪ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਾਲ ਤੋਂ ਜਲ ਸਪਲਾਈ ਦੁੱਬਲੀ ਦੇ ਬੋਰ ਦੀ ਖ਼ਰਾਬੀ ਕਾਰਨ ਪਾਣੀ ਅੰਦਰ ਰੇਤਾ ਆਉਣ ਲੱਗ ਪਿਆ ਸੀ ਤੇ ਸਪਲਾਈ ਨੂੰ ਬਹਾਲ ਰੱਖਣ ਲਈ ਛੋਟੀ ਮੋਟਰ ਪਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬੋਰ ਖ਼ਰਾਬ ਹੋਣ ਕਰਕੇ ਪਾਣੀ ਦੀ ਸਪਲਾਈ ਅੰਦਰ ਸਮੱਸਿਆ ਆਈ ਹੈ ਅਤੇ ਜਿਵੇਂ ਹੀ ਪੰਜਾਬ ਸਰਕਾਰ ਵੱਲੋਂ ਵਿਭਾਗ ਨੂੰ ਫੰਡ ਮੁਹੱਈਆ ਕਰਵਾ ਦਿੱਤੇ ਜਾਣਗੇ ਤਾਂ ਤਰੁੰਤ ਹੀ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।